ਸਿੱਖ ਸੰਸਥਾਵਾਂ ਦੀ ਮਰਿਯਾਦਾ ਨਾਲ ਜੁੜੇ ਮਸਲਿਆਂ ਦੀ ਜਾਂਚ ਕੇਂਦਰੀ ਏਜੰਸੀਆਂ ਨੂੰ ਦੇਣ ਦੀ ਗੱਲ ਕਰਨ ਦੀ ਬਜਾਏ ਸਿੱਖ ਕੌਮ ਦੀਆਂ ਸਤਿਕਾਰਯੋਗ ਸਖਸ਼ੀਅਤਾਂ ਦੀ ਦੇਖ ਰੇਖ ਹੇਠ ਹੋਣ – ਬਾਪੂ ਤਰਸੇਮ ਸਿੰਘ

Top Trending News ਪੰਜਾਬ
  • ਸਿੱਖ ਸੰਸਥਾਵਾਂ ਦੀ ਮਰਿਯਾਦਾ ਨਾਲ ਜੁੜੇ ਮਸਲਿਆਂ ਦੀ ਜਾਂਚ ਕੇਂਦਰੀ ਏਜੰਸੀਆਂ ਨੂੰ ਦੇਣ ਦੀ ਗੱਲ ਕਰਨ ਦੀ ਬਜਾਏ ਸਿੱਖ ਕੌਮ ਦੀਆਂ ਸਤਿਕਾਰਯੋਗ ਸਖਸ਼ੀਅਤਾਂ ਦੀ ਦੇਖ ਰੇਖ ਹੇਠ ਹੋਣ – ਬਾਪੂ ਤਰਸੇਮ ਸਿੰਘ
  • ਅਸੀ ਐਸਜੀਪੀਸੀ ਵਲੋ ਬਣਾਈ ਕਮੇਟੀ ਵੀ ਰੱਦ ਕਰਦੇ ਹਾਂ, ਸੀਬੀਆਈ ਨੂੰ ਜਾਂਚ ਦੇਣ ਦੀ ਵਕਾਲਤ ਵੀ ਰੱਦ ਕਰਦੇ ਹਾਂ,ਪੰਥ ਪ੍ਰਵਾਨਤ ਸਤਿਕਾਰਯੋਗ ਸਖਸ਼ੀਅਤਾਂ ਕਰਨ ਪੂਰੇ ਮਾਮਲੇ ਦੀ ਜਾਂਚ, ਮਨਪ੍ਰੀਤ ਸਿੰਘ ਇਯਾਲੀ

ਸ੍ਰੀ ਅੰਮ੍ਰਿਤਸਰ ਸਾਹਿਬ, 30 ਸਤੰਬਰ (ਦੇਸ਼ ਕਲਿੱਕ ਬਿਊਰੋ): ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ (ਤਖ਼ਤ ਸ੍ਰੀ ਕੇਸਗੜ੍ਹ) ਦੀਆਂ ਸਰਾਵਾਂ ਵਿੱਚ ਬਲਾਤਕਾਰ ਵਰਗੀਆਂ ਵਾਪਰੀਆਂ ਪੀੜਾਂ ਦਾਇਕ ਘਟਨਾਵਾਂ ਕਾਰਨ ਪੂਰੀ ਸਿੱਖ ਕੌਮ ਨੂੰ ਨਾਮੋਸ਼ੀ ਦੇ ਆਲਮ ਵਿੱਚ ਭੇਜਣ ਲਈ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪੂਰੀ ਤਰਾਂ ਜ਼ਿੰਮੇਵਾਰ ਹਨ। ਸਿੱਖ ਕੌਮ ਦੇ ਮਾਣਮੱਤੇ ਇਤਿਹਾਸ ਵਿੱਚ ਬਲਾਤਕਾਰ ਵਰਗਾ ਕਲੰਕਿਤ ਪੰਨਾ ਜੁੜਨਾ ਹਰ ਸਿੱਖ ਨੂੰ ਸ਼ਰਮਸਾਰ ਕਰ ਦੇਣ ਵਾਲਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਅਕਾਲੀ ਦਲ “ਵਾਰਿਸ ਪੰਜਾਬ ਦੇ” ਦੇ ਕਾਰਜਕਾਰੀ ਪ੍ਰਧਾਨ ਬਾਪੂ ਤਰਸੇਮ ਸਿੰਘ ਅਤੇ ਸਰਦਾਰ ਮਨਪ੍ਰੀਤ ਸਿੰਘ ਇਯਾਲੀ ਵਲੋ ਕਰਦਿਆਂ, ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਸਿੱਖ ਕੌਮ ਦੇ ਪ੍ਰਬੰਧਾਂ ਵਿੱਚ ਵਾਪਰੀ ਕਿਸੇ ਵੀ ਘਟਨਾ ਦੀ ਜਾਂਚ ਕੇਂਦਰੀ ਏਜੰਸੀਆਂ ਨੂੰ ਦੇਣ ਵਾਲੇ ਬਿਆਨਾਂ ਤੇ ਸਖ਼ਤ ਇਤਰਾਜ ਪ੍ਰਗਟ ਕੀਤਾ ਗਿਆ।

ਬਾਪੂ ਤਰਸੇਮ ਸਿੰਘ ਨੇ ਜਾਰੀ ਬਿਆਨ ਵਿੱਚ ਕਿਹਾ ਕਿ, ਇਸ ਤੋਂ ਮਾੜੀ ਕੋਈ ਘਟਨਾ ਨਹੀਂ ਹੋ ਸਕਦੀ ਜਿਸ ਨੇ ਸਿੱਖ ਕੌਮ ਨੂੰ ਦੁਨੀਆਂ ਭਰ ਵਿੱਚ ਮਾਯੂਸੀ ਦਿੱਤੀ ਹੋਵੇ। ਬਾਪੂ ਤਰਸੇਮ ਸਿੰਘ ਨੇ ਕਿਹਾ ਕਿ, ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ,ਜਨਤਕ ਤੌਰ ਤੇ ਮੁਖ਼ਾਤਿਬੀ ਕਬੂਲਨਾਮਾ ਕਰ ਚੁੱਕੇ ਹਨ ਕਿ, ਉਹ ਸੁਖਬੀਰ ਬਾਦਲ ਦੇ ਸਿਪਾਹੀ ਹਨ। ਇਸ ਲਈ ਹਰਜਿੰਦਰ ਸਿੰਘ ਧਾਮੀ ਤੋ ਐਸਜੀਪੀਸੀ ਪ੍ਰਬੰਧਾਂ ਨਾਲ ਜੁੜੇ ਮਾਮਲਿਆਂ ਅਤੇ ਸਿੱਖ ਕੌਮ ਨਾਲ ਜੁੜੇ ਮਸਲਿਆਂ ਤੇ ਸਿੱਖ ਕੌਮ ਪ੍ਰਤੀ ਜ਼ਿੰਮੇਵਾਰੀ ਅਤੇ ਪੰਥ ਪ੍ਰਤੀ ਜਵਾਬਦੇਹੀ ਦੀ ਉਮੀਦ ਕਰਨਾ, ਵੱਡੀ ਗਲਤੀ ਹੈ। ਬਾਪੂ ਤਰਸੇਮ ਸਿੰਘ ਨੇ ਅੱਜ ਐਸਜੀਪੀਸੀ ਦੀ ਅੰਤ੍ਰਿੰਗ ਕਮੇਟੀ ਦੀ ਮੀਟਿੰਗ ਤੋਂ ਬਾਅਦ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋ ਚਾਵਲਾ ਬਲਾਤਕਾਰ ਮਾਮਲੇ ਵਿੱਚ ਦਰਜ ਐਫਆਈਆਰ ਦੀ ਜਾਂਚ ਮਾਮਲੇ ਨੂੰ ਸੀਬੀਆਈ ਦੀ ਜਾਂਚ ਹੇਠ ਕਰਵਾਉਣ ਦੀ ਕੀਤੀ ਵਕਾਲਤ ਨੂੰ ਸਿਰੇ ਤੋਂ ਰੱਦ ਕੀਤਾ। ਬਾਪੂ ਤਰਸੇਮ ਸਿੰਘ ਨੇ ਕਿਹਾ ਕਿ, ਸਿੱਖ ਕੌਮ ਨੇ ਐਸਜੀਪੀਸੀ ਜਾਂ ਕੌਮ ਨਾਲ ਜੁੜੇ ਮਸਲਿਆਂ ਵਿੱਚ ਸਰਕਾਰੀ ਦਖਲ ਅੰਦਾਜੀ ਤੋ ਨਜਾਤ ਪਾਉਣ ਲਈ ਵੱਡੇ ਸੰਘਰਸ਼ ਕੀਤੇ ਹਨ। ਬੜੇ ਅਫਸੋਸ ਅਤੇ ਸ਼ਰਮ ਦੀ ਗੱਲ ਹੈ ਕਿ, ਅੱਜ ਖੁਦ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਅਤੇ ਜ਼ਿੰਮੇਵਾਰੀ ਹੇਠ ਵਾਪਰੀ ਘਟਨਾ ਦੀ ਜਾਂਚ ਖੁਦ ਸੀਬੀਆਈ ਨੂੰ ਦੇਣ ਦੀ ਵਕਾਲਤ ਕਰ ਰਹੇ ਹਨ । ਬਾਪੂ ਤਰਸੇਮ ਸਿੰਘ ਨੇ ਮੰਗ ਕੀਤੀ ਕਿ ਇਸ ਅਤਿ ਮੰਦਭਾਗੀ ਅਤੇ ਸ਼ਰਮਨਾਕ ਘਟਨਾ ਦੀ ਜਾਂਚ ਸਿੱਖ ਕੌਮ ਦੀਆਂ ਖੁਦ ਕਰਨ ਦੀ ਸਮਰੱਥ ਹੈ। ਇਸ ਲਈ ਓਹਨਾ ਦੀ ਮੰਗ ਹੈ ਕਿ ਪੰਥ ਪ੍ਰਵਾਨਤ ਬਹੁਤ ਹੀ ਸਤਿਕਾਰਯੋਗ ਸਖਸ਼ੀਅਤਾਂ ਦੀ ਅਗਵਾਈ ਹੇਠ ਜਾਂਚ ਕਮੇਟੀ ਬਣੇ, ਸਮਾਂ ਬੱਧ ਜਾਂਚ ਹੋਵੇ, ਜਾਂਚ ਜਦੋਂ ਤੱਕ ਜਾਰੀ ਰਹੇ, ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਕਿਸੇ ਤਰਾਂ ਜਾਂਚ ਨੂੰ ਪ੍ਰਭਾਵਿਤ ਨਾ ਕਰ ਸਕਣ, ਓਹ ਸਿੱਖ ਸੰਗਤ ਨੂੰ ਅਪਣਾ ਅਸਤੀਫ਼ਾ ਦੇਣ। ਬਾਪੂ ਤਰਸੇਮ ਸਿੰਘ ਨੇ ਕਿਹਾ ਕਿ, ਇਸ ਵੱਡੀ ਘਟਨਾ ਲਈ ਪੂਰੀ ਤਰਾਂ ਐਸਜੀਪੀਸੀ ਦੇ ਪ੍ਰਬੰਧਾਂ ਵਿੱਚ ਆਈ ਖੜੌਤ ਜ਼ਿੰਮੇਵਾਰ ਹੈ, ਇਸ ਲਈ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਨੈਤਿਕਤਾ ਦੇ ਅਧਾਰ ਤੇ ਅਸਤੀਫ਼ਾ ਦੇਕੇ ਪਾਸੇ ਹੋ ਜਾਣਾ ਚਾਹੀਦਾ ਹੈ।

ਸਰਦਾਰ ਮਨਪ੍ਰੀਤ ਸਿੰਘ ਇਯਾਲੀ ਨੇ ਜਾਰੀ ਆਪਣੇ ਬਿਆਨ ਵਿੱਚ ਜਿੱਥੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋ ਬਣਾਈ ਜਾਂਚ ਕਮੇਟੀ ਨੂੰ ਮੁੱਢ ਤੋਂ ਰੱਦ ਕੀਤਾ ਉੱਥੇ ਹੀ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵਲੋ ਚਾਵਲਾ ਬਲਾਤਕਾਰ ਮਾਮਲੇ ਵਿੱਚ ਦਰਜ ਐਫਆਈਆਰ ਨਾਲ ਜੁੜੀਆਂ ਘਟਨਾਵਾਂ ਦੀ ਪੜਤਾਲ ਲਈ ਕੇਸ ਸੀਬੀਆਈ ਦੇਣ ਦੀ ਵਕਾਲਤ ਕਰਨ ਨੂੰ ਵੀ ਸਿਰੇ ਤੋਂ ਰੱਦ ਕੀਤਾ। ਸਰਦਾਰ ਮਨਪ੍ਰੀਤ ਸਿੰਘ ਇਯਾਲੀ ਨੇ ਕਿਹਾ ਕਿ, ਸ਼੍ਰੋਮਣੀ ਕਮੇਟੀ ਦੇ ਪ੍ਰਬੰਧਾਂ ਦੇ ਹੋਏ ਸਿਆਸੀਕਰਨ ਨੂੰ ਕੇਂਦਰੀ ਏਜੰਸੀਆਂ ਦੇ ਹੱਥੋਂ ਮਜ਼ਾਕ ਦਾ ਪਾਤਰ ਬਣਾ ਦੇਣਾ, ਸਿੱਖ ਕੌਮ ਬਰਦਾਸ਼ਤ ਨਹੀਂ ਕਰੇਗੀ। ਓਹਨਾ ਤਿੱਖਾ ਸ਼ਬਦੀ ਹਮਲਾ ਬੋਲਦੇ ਹੋਏ ਕਿਹਾ ਕਿ, ਅੱਜ ਸਵਾਲ ਬਲਾਤਕਾਰ ਮਾਮਲੇ ਦਾ ਨਹੀਂ, ਸਵਾਲ ਸਿੱਖ ਕੌਮ ਦੀ ਸਿਖਰਲੀ ਸੰਸਥਾ ਲਈ ਸਿੱਖ ਕੌਮ ਦੇ ਟੁੱਟ ਚੁੱਕੇ ਵਿਸ਼ਵਾਸ ਦਾ ਹੈ। ਪਿਛਲੇ ਪੰਦਰਾਂ ਸਾਲ ਤੋ ਐਸਜੀਪੀਸੀ ਚੋਣਾਂ ਨਹੀਂ ਹੋਈਆਂ, ਇਸ ਲਈ ਪ੍ਰਬੰਧ ਓਹਨਾਂ ਲੋਕਾਂ ਦੇ ਹੱਥਾਂ ਵਿੱਚ ਹੈ, ਜਿਹੜੇ ਲੋਕ ਹੁਣ ਸਿੱਖ ਕੌਮ ਲਈ ਜਵਾਬਦੇਹ ਅਤੇ ਜ਼ਿੰਮੇਵਾਰ ਨਹੀਂ ਰਹੇ। ਸਰਦਾਰ ਮਨਪ੍ਰੀਤ ਸਿੰਘ ਇਯਾਲੀ ਨੇ ਮੰਗ ਕੀਤੀ ਕਿ, ਮਸਲੇ ਦੀ ਗੰਭੀਰਤਾ ਨੂੰ ਸਮਝਦੇ ਹੋਏ, ਜਿੱਥੇ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਤੁਰੰਤ ਅਸਤੀਫ਼ਾ ਦੇਣ, ਉਥੇ ਹੀ ਸ਼੍ਰੋਮਣੀ ਕਮੇਟੀ ਦਾ ਆਮ ਇਜਲਾਸ ਬੁਲਾਕੇ ਸਿੱਖ ਸੰਗਤ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਦੇ ਅਤੇ ਪੰਥ ਪ੍ਰਵਾਣਤ, ਸਿੱਖ ਕੌਮ ਦੀ ਮਹਾਨ ਸਖਸ਼ੀਅਤਾਂ ਦੀ ਦੇਖ ਰੇਖ ਹੇਠ ਜਾਂਚ ਕਮੇਟੀ ਬਣੇ। ਐਸਜੀਪੀਸੀ ਵਲੋ ਬਣਾਈ ਜਾਂਚ ਕਮੇਟੀ ਅਤੇ ਸੀਬੀਆਈ ਨੂੰ ਜਾਂਚ ਦੇਣ ਦੀ ਵਕਾਲਤ ਅਸੀ ਮੁੱਢ ਤੋ ਰੱਦ ਕਰਦੇ ਹਾਂ।