ਅੰਤਿਮ ਵੋਟਰ ਸੂਚੀਆਂ ਦੇ ਪ੍ਰਕਾਸ਼ਨ ਵਾਲੇ ਦਿਨ, 12 ਅਕਤੂਬਰ, ਦੀ ਉਡੀਕ ਨਾ ਕਰੋ: ਰਹਿ ਗਏ ਵੋਟਰ ਹੁਣੇ ਫਾਰਮ 6 ਭਰਨ: KBS ਸਿੱਧੂ

Top Trending News ਪੰਜਾਬ
  • ਅੰਤਿਮ ਵੋਟਰ ਸੂਚੀਆਂ ਦੇ ਪ੍ਰਕਾਸ਼ਨ ਵਾਲੇ ਦਿਨ, 12 ਅਕਤੂਬਰ, ਦੀ ਉਡੀਕ ਨਾ ਕਰੋ: ਰਹਿ ਗਏ ਵੋਟਰ ਹੁਣੇ ਫਾਰਮ 6 ਭਰਨ: KBS ਸਿੱਧੂ

ਚੰਡੀਗੜ੍ਹ, 6 ਅਕਤੂਬਰ (ਦੇਸ਼ ਕਲਿੱਕ ਬਿਊਰੋ): ਵਿਸ਼ੇਸ਼ ਡੂੰਘੀ ਸੁਧਾਈ (ਐੱਸ.ਆਈ.ਆਰ.) ਤੋਂ ਬਾਅਦ ਪੰਜਾਬ ਦੇ ਜਿਨ੍ਹਾਂ ਵੋਟਰਾਂ ਦੇ ਨਾਂ ਵੋਟਰ ਸੂਚੀ ਵਿੱਚੋਂ ਰਹਿ ਗਏ ਹਨ, ਉਨ੍ਹਾਂ ਨੂੰ ਆਪਣੀ ਵੋਟ ਪੱਕੀ ਕਰਨ ਲਈ 12 ਅਕਤੂਬਰ 2026 ਨੂੰ ਅੰਤਿਮ ਸੂਚੀ ਛਪਣ ਦੀ ਉਡੀਕ ਨਹੀਂ ਕਰਨੀ ਚਾਹੀਦੀ, ਅਤੇ ਉਸ ਤਾਰੀਖ਼ ਤੋਂ ਬਾਅਦ ਵੀ ਉਨ੍ਹਾਂ ਦਾ ਹੱਕ ਖ਼ਤਮ ਨਹੀਂ ਹੁੰਦਾ, ਕਿਉਂਕਿ ਉਹ ਕਿਸੇ ਵੀ ਸਮੇਂ ਫਾਰਮ 6 ਰਾਹੀਂ ਨਾਂ ਦਰਜ ਕਰਵਾਉਣ ਲਈ ਅਰਜ਼ੀ ਦੇ ਸਕਦੇ ਹਨ। ਇਹ ਗੱਲ ਪੰਜਾਬ ਦੇ ਸਾਬਕਾ ਵਿਸ਼ੇਸ਼ ਮੁੱਖ ਸਕੱਤਰ ਕਰਨ ਬੀਰ ਸਿੰਘ ਸਿੱਧੂ ਨੇ ਅੱਜ ਇੱਥੇ ਕਹੀ।

ਐੱਸ.ਆਈ.ਆਰ. ਦੌਰਾਨ ਰਹਿ ਗਏ ਯੋਗ ਵੋਟਰਾਂ ਨੂੰ ਸੰਬੋਧਨ ਕਰਦਿਆਂ ਕਰਨ ਬੀਰ ਸਿੰਘ ਸਿੱਧੂ ਨੇ ਕਿਹਾ ਕਿ ਵੋਟਰ ਵਜੋਂ ਦਰਜ ਹੋਣ ਦਾ ਹੱਕ ਸੰਵਿਧਾਨ ਦੀ ਧਾਰਾ 326 ਤੋਂ ਮਿਲਦਾ ਹੈ ਅਤੇ ਇਹ ਹਰ ਉਸ ਨਾਗਰਿਕ ਦਾ ਹੈ ਜਿਸ ਦੀ ਉਮਰ ਅਠਾਰਾਂ ਸਾਲ ਹੈ ਅਤੇ ਜੋ ਹਲਕੇ ਦਾ ਆਮ ਵਸਨੀਕ ਹੈ। ਉਨ੍ਹਾਂ ਕਿਹਾ, “ਇਹ ਹੱਕ ਲਗਾਤਾਰ ਚੱਲਣ ਵਾਲਾ ਹੈ। ਇਸ ਉੱਤੇ ਕੋਈ ਮਿਆਦ ਨਹੀਂ ਅਤੇ ਸਮਾਂ ਬੀਤਣ ਨਾਲ ਕੁਝ ਵੀ ਖ਼ਤਮ ਨਹੀਂ ਹੁੰਦਾ। ਇਹ ਸਿਰਫ਼ ਨਾਮਜ਼ਦਗੀਆਂ ਭਰਨ ਦੀ ਆਖ਼ਰੀ ਤਾਰੀਖ਼ ਤੋਂ ਬਾਅਦ, ਉਸ ਚੋਣ ਦੇ ਮੁਕੰਮਲ ਹੋਣ ਤੱਕ, ਰੁਕਦਾ ਹੈ।”

ਪੰਜਾਬ ਦੀ ਖਰੜਾ ਵੋਟਰ ਸੂਚੀ 13 ਅਗਸਤ ਨੂੰ ਪ੍ਰਕਾਸ਼ਿਤ ਹੋਈ ਸੀ ਅਤੇ ਦਾਅਵਿਆਂ ਤੇ ਇਤਰਾਜ਼ਾਂ ਦੀ ਮਿਆਦ 12 ਸਤੰਬਰ ਨੂੰ ਮੁੱਕ ਗਈ ਸੀ। ਬਾਕੀ ਰਹਿੰਦੇ ਨੋਟਿਸਾਂ ਦਾ ਨਿਪਟਾਰਾ ਹੁਣ ਚੱਲ ਰਿਹਾ ਹੈ।
ਕਰਨ ਬੀਰ ਸਿੰਘ ਸਿੱਧੂ ਨੇ ਵੋਟਰਾਂ ਨੂੰ ਤਿੰਨ ਕਦਮ ਚੁੱਕਣ ਦੀ ਸਲਾਹ ਦਿੱਤੀ:
• ਘਰ ਦੇ ਹਰ ਬਾਲਗ ਮੈਂਬਰ ਲਈ ਖਰੜਾ ਸੂਚੀ ਹੁਣੇ ਅਤੇ ਅੰਤਿਮ ਸੂਚੀ 12 ਅਕਤੂਬਰ ਨੂੰ ਦੇਖੋ।
• ਹਰ ਨੋਟਿਸ ਦਾ ਜਵਾਬ ਦਿਓ। ਚੋਣ ਕਮਿਸ਼ਨ ਦੀਆਂ ਤਾਜ਼ਾ ਹਦਾਇਤਾਂ ਮੁਤਾਬਕ ਬੂਥ ਲੈਵਲ ਅਫ਼ਸਰ (ਬੀ.ਐੱਲ.ਓ.) ਨੇ ਵੋਟਰ ਦੇ ਘਰ ਆ ਕੇ ਦਸਤਾਵੇਜ਼ ਲੈਣੇ ਹਨ ਅਤੇ ਜ਼ਿਲ੍ਹਾ ਚੋਣ ਅਫ਼ਸਰਾਂ ਦੇ ਦਫ਼ਤਰਾਂ ਵਿੱਚ ਹੈਲਪ ਡੈਸਕ ਚੱਲ ਰਹੇ ਹਨ।
• ਜੇ ਨਾਂ ਸੂਚੀ ਵਿੱਚ ਨਹੀਂ ਹੈ ਤਾਂ ਆਨਲਾਈਨ ਜਾਂ ਕਾਗ਼ਜ਼ ਉੱਤੇ ਫਾਰਮ 6 ਭਰੋ, ਨਾਲ ਆਪਣੇ ਪਹਿਲਾਂ ਦਰਜ ਹੋਣ ਬਾਰੇ ਦਸਤਖ਼ਤ ਕੀਤਾ ਨੋਟ ਲਾਓ ਅਤੇ ਰਸੀਦ ਸੰਭਾਲ ਕੇ ਰੱਖੋ। ਕਮਿਸ਼ਨ ਦੀ 1 ਅਕਤੂਬਰ 2026 ਦੀ ਚਿੱਠੀ ਖ਼ੁਦ ਬੀ.ਐੱਲ.ਓ. ਨੂੰ ਅਜਿਹੇ ਵੋਟਰਾਂ ਦਾ ਫਾਰਮ 6 ਭਰਵਾਉਣ ਵਿੱਚ ਮਦਦ ਕਰਨ ਦੀ ਹਦਾਇਤ ਦਿੰਦੀ ਹੈ।

ਉਨ੍ਹਾਂ ਵੋਟਰਾਂ ਨੂੰ ਸੁਚੇਤ ਕੀਤਾ ਕਿ ਉਹ ਇਹ ਨਾ ਸਮਝਣ ਕਿ ਕੋਈ ਹੋਰ ਉਨ੍ਹਾਂ ਲਈ ਇਹ ਕੰਮ ਕਰ ਦੇਵੇਗਾ। ਕਰਨ ਬੀਰ ਸਿੰਘ ਸਿੱਧੂ ਨੇ ਕਿਹਾ, “ਕਿਸੇ ਸਿਆਸੀ ਪਾਰਟੀ, ਕਿਸੇ ਬੀ.ਐੱਲ.ਓ. ਜਾਂ ਕਿਸੇ ਬੂਥ ਲੈਵਲ ਏਜੰਟ ਦੇ ਆਪਣੇ ਬੂਹੇ ਆਉਣ ਦੀ ਉਡੀਕ ਨਾ ਕਰੋ। ਜੇ ਕੋਈ ਨਹੀਂ ਆਉਂਦਾ ਤਾਂ ਆਪ ਜਾਓ। ਆਪਣੀ ਵੋਟ ਬਾਰੇ ਇਹ ਮੁੱਢਲੀ ਪੜਤਾਲ ਕੀਤੇ ਬਿਨਾਂ ਟੀ.ਵੀ. ਬਹਿਸਾਂ ਉੱਤੇ ਗੁਆਇਆ ਸਮਾਂ ਬਾਅਦ ਵਿੱਚ ਮੁਸ਼ਕਲਾਂ ਹੀ ਵਧਾਏਗਾ।”

ਕਰਨ ਬੀਰ ਸਿੰਘ ਸਿੱਧੂ ਨੇ ਨਿਰਾਸ਼ਾ ਪ੍ਰਗਟਾਈ ਕਿ ਸੁਧਾਈ ਦੌਰਾਨ ਪੰਜਾਬ ਦੀ ਕੋਈ ਵੀ ਸਿਆਸੀ ਪਾਰਟੀ ਆਮ ਵੋਟਰ ਤੱਕ ਪਹੁੰਚਦੀ ਨਜ਼ਰ ਨਹੀਂ ਆਈ। ਉਨ੍ਹਾਂ ਕਿਹਾ, “ਇਹ ਉਹ ਵੇਲਾ ਸੀ ਜਦੋਂ ਪਾਰਟੀਆਂ ਨੂੰ ਹਰ ਪਿੰਡ ਤੇ ਹਰ ਵਾਰਡ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਬੂਥ ਲੈਵਲ ਏਜੰਟ ਸਰਗਰਮ ਕਰਨੇ ਚਾਹੀਦੇ ਸਨ। ਅਜਿਹਾ ਕੁਝ ਹੁੰਦਾ ਨਜ਼ਰ ਨਹੀਂ ਆ ਰਿਹਾ। ਪਾਰਟੀ ਵਰਕਰ ਆਪਣੇ ਆਗੂਆਂ ਦੇ ਟਵੀਟ ਰੀਟਵੀਟ ਕਰਨ ਵਿੱਚ ਰੁੱਝੇ ਹੋਏ ਹਨ। ਆਗੂਆਂ ਲਈ ਇਹ ਚੰਗਾ ਹੋਵੇਗਾ, ਪਰ ਇਸ ਨਾਲ ਇੱਕ ਵੀ ਵੋਟ ਨਹੀਂ ਬਚਣੀ।”

ਚੋਣ ਕਮਿਸ਼ਨ ਬਾਰੇ ਸੁਪਰੀਮ ਕੋਰਟ ਵਿੱਚ ਚੱਲ ਰਹੀ ਕਾਰਵਾਈ ਦਾ ਜ਼ਿਕਰ ਕਰਦਿਆਂ ਕਰਨ ਬੀਰ ਸਿੰਘ ਸਿੱਧੂ ਨੇ ਕਿਹਾ ਕਿ ਵੋਟਰ ਦਾ ਹੱਕ ਉਸ ਦੇ ਨਤੀਜੇ ਉੱਤੇ ਨਿਰਭਰ ਨਹੀਂ ਕਰਦਾ। “ਅਦਾਲਤ ਜੋ ਵੀ ਫ਼ੈਸਲਾ ਕਰੇ, ਚੋਣ ਵਾਲੇ ਦਿਨ ਪੋਲਿੰਗ ਅਫ਼ਸਰ ਆਪਣੀ ਸੂਚੀ ਵਿੱਚ ਸਿਰਫ਼ ਤੁਹਾਡਾ ਨਾਂ ਹੀ ਲੱਭੇਗਾ।”

ਸੰਪਰਕ: ਕਰਨ ਬੀਰ ਸਿੰਘ ਸਿੱਧੂ, kbs.sidhu@gmail.com, 7837-001-001