- AAP ਸਰਪੰਚ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ, ਡਰਾਈਵਰ ਵੀ ਜ਼ਖ਼ਮੀ
ਤਰਨਤਾਰਨ, 6 ਅਕਤੂਬਰ (ਦੇਸ਼ ਕਲਿੱਕ ਬਿਊਰੋ): ਤਰਨਤਾਰਨ ਦੇ ਪੱਟੀ ਹਲਕੇ ਵਿੱਚ ਮੰਗਲਵਾਰ ਨੂੰ ਆਮ ਆਦਮੀ ਪਾਰਟੀ (AAP) ਨਾਲ ਸਬੰਧਤ ਸਰਪੰਚ ਦੀ ਦਿਨ-ਦਿਹਾੜੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਤੂਤ ਪਿੰਡ ਦੇ ਸਰਪੰਚ ਅਸ਼ਵਨੀ ਕੁਮਾਰ ਉਰਫ਼ ਅਸ਼ਵਨੀ ਦੇਵਗਨ ਵਜੋਂ ਹੋਈ ਹੈ। ਹਮਲੇ ਦੌਰਾਨ ਉਨ੍ਹਾਂ ਦੇ ਨਾਲ ਮੌਜੂਦ ਡਰਾਈਵਰ ਚਮਕੌਰ ਸਿੰਘ ਵੀ ਗੋਲੀਆਂ ਦੇ ਛਰਰੇ ਲੱਗਣ ਕਾਰਨ ਜ਼ਖ਼ਮੀ ਹੋ ਗਿਆ।
ਪੁਲਿਸ ਮੁਤਾਬਕ ਅਸ਼ਵਨੀ ਕੁਮਾਰ ਆਪਣੀ ਇਨੋਵਾ ਕਾਰ ‘ਚ ਸਵਾਰ ਹੋ ਕੇ ਕਿਰਿਆਨੇ ਦੀ ਦੁਕਾਨ ਤੋਂ ਆਪਣੀ ਆੜ੍ਹਤ ਦੀ ਦੁਕਾਨ ਵੱਲ ਜਾ ਰਹੇ ਸਨ। ਜਦੋਂ ਉਹ ਤੂਤ ਬੱਸ ਸਟੈਂਡ ਨੇੜੇ ਪਹੁੰਚੇ ਤਾਂ ਮੋਟਰਸਾਈਕਲ ’ਤੇ ਸਵਾਰ ਦੋ ਨਕਾਬਪੋਸ਼ ਹਮਲਾਵਰਾਂ ਨੇ ਉਨ੍ਹਾਂ ਦੀ ਕਾਰ ’ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਹਮਲੇ ਵਿੱਚ ਸਰਪੰਚ ਨੂੰ ਤਿੰਨ ਗੋਲੀਆਂ ਲੱਗੀਆਂ। ਉਨ੍ਹਾਂ ਨੂੰ ਲੋਕਾਂ ਵੱਲੋਂ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਡਰਾਈਵਰ ਚਮਕੌਰ ਸਿੰਘ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਪਤਨੀ ਦਾ ਦਾਅਵਾ- 50 ਲੱਖ ਰੁਪਏ ਦੀ ਫਿਰੌਤੀ ਮੰਗੀ ਜਾ ਰਹੀ ਸੀ
ਮ੍ਰਿਤਕ ਸਰਪੰਚ ਦੀ ਪਤਨੀ ਪਰਵੀਨ ਕੁਮਾਰੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੇ ਪਰਿਵਾਰ ਨੂੰ ਪਿਛਲੇ ਕੁਝ ਸਮੇਂ ਤੋਂ ਧਮਕੀਆਂ ਮਿਲ ਰਹੀਆਂ ਸਨ। ਉਨ੍ਹਾਂ ਮੁਤਾਬਕ ਸਰਪੰਚ ਤੋਂ 50 ਲੱਖ ਰੁਪਏ ਦੀ ਫਿਰੌਤੀ ਮੰਗੀ ਜਾ ਰਹੀ ਸੀ ਅਤੇ ਪੈਸੇ ਨਾ ਦੇਣ ’ਤੇ ਪੂਰੇ ਪਰਿਵਾਰ ਨੂੰ ਖ਼ਤਮ ਕਰਨ ਦੀ ਧਮਕੀ ਦਿੱਤੀ ਗਈ ਸੀ।
ਉਨ੍ਹਾਂ ਕਿਹਾ ਕਿ ਧਮਕੀਆਂ ਦੇਣ ਵਾਲੇ ਕਿਸੇ ਗੈਂਗ ਨਾਲ ਸਬੰਧਤ ਹੋਣ ਦਾ ਸ਼ੱਕ ਸੀ। ਹਾਲਾਂਕਿ ਇਸ ਸਬੰਧੀ ਪੁਲਿਸ ਵੱਲੋਂ ਅਜੇ ਕਿਸੇ ਗੈਂਗ ਦੀ ਪੁਸ਼ਟੀ ਨਹੀਂ ਕੀਤੀ ਗਈ।
ਚਿਹਰੇ ਢੱਕ ਕੇ ਆਏ ਸਨ ਹਮਲਾਵਰ
ਜ਼ਖ਼ਮੀ ਡਰਾਈਵਰ ਚਮਕੌਰ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਦੋਵੇਂ ਹਮਲਾਵਰਾਂ ਨੇ ਆਪਣੇ ਚਿਹਰੇ ਕੱਪੜੇ ਨਾਲ ਢੱਕੇ ਹੋਏ ਸਨ। ਉਨ੍ਹਾਂ ਨੇ ਕਾਰ ’ਤੇ ਕਈ ਗੋਲੀਆਂ ਚਲਾਈਆਂ ਅਤੇ ਫਿਰ ਮੋਟਰਸਾਈਕਲ ’ਤੇ ਫਰਾਰ ਹੋ ਗਏ। ਗੋਲੀਬਾਰੀ ਕਾਰਨ ਕਾਰ ਦੇ ਸ਼ੀਸ਼ੇ ਵੀ ਟੁੱਟ ਗਏ। ਪੱਟੀ ਦੇ ਡੀਐੱਸਪੀ ਰਵੀ ਸ਼ੇਰ ਸਿੰਘ ਨੇ ਦੱਸਿਆ ਕਿ ਇੱਕ ਗੋਲੀ ਸਰਪੰਚ ਦੇ ਦਿਲ ਵਿੱਚ ਲੱਗੀ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋਈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਮਲਾਵਰਾਂ ਦੀ ਭਾਲ ਲਈ ਸੀਸੀਟੀਵੀ ਫੁਟੇਜ ਖੰਗਾਲੀ ਜਾ ਰਹੀ ਹੈ।
ਪੁਲਿਸ ਨੇ ਹਮਲਾਵਰਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ
ਪੁਲਿਸ ਨੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਮੋਟਰਸਾਈਕਲ ਸਵਾਰ ਦੋ ਸ਼ੱਕੀ ਹਮਲਾਵਰਾਂ ਦੀਆਂ ਤਸਵੀਰਾਂ ਜਾਰੀ ਕੀਤੀਆਂ ਹਨ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਇਨ੍ਹਾਂ ਬਾਰੇ ਕੋਈ ਜਾਣਕਾਰੀ ਮਿਲੇ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਜਾਵੇ। ਪੁਲਿਸ ਵੱਲੋਂ ਜਾਣਕਾਰੀ ਲਈ ਪੱਟੀ ਡੀਐੱਸਪੀ 9780003334, ਸਦਰ ਪੱਟੀ ਥਾਣੇ ਦੇ ਐੱਸਐੱਚਓ 9592048900, ਸੋਸ਼ਲ ਮੀਡੀਆ ਇੰਚਾਰਜ 9877538041 ਅਤੇ ਤਰਨਤਾਰਨ ਪੁਲਿਸ ਕੰਟਰੋਲ ਰੂਮ 8725021100 ਦੇ ਨੰਬਰ ਜਾਰੀ ਕੀਤੇ ਗਏ ਹਨ।
ਘਟਨਾ ਤੋਂ ਬਾਅਦ ਇਲਾਕੇ ਵਿੱਚ ਤਣਾਅ ਦਾ ਮਾਹੌਲ ਹੈ। ਪੁਲਿਸ ਦਾ ਕਹਿਣਾ ਹੈ ਕਿ ਹਮਲਾਵਰਾਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।







