SIR ਵਿਰੋਧੀ ਮਾਰਚ: ਰਾਹੁਲ-ਪ੍ਰਿਯੰਕਾ ਗਾਂਧੀ ਪੁਲਿਸ ਹਿਰਾਸਤ ’ਚ, 8 ਘੰਟਿਆਂ ਤੋਂ ਵੱਧ ਧਰਨਾ

Top Trending News ਰਾਸ਼ਟਰੀ
  • SIR ਵਿਰੋਧੀ ਮਾਰਚ: ਰਾਹੁਲ-ਪ੍ਰਿਯੰਕਾ ਗਾਂਧੀ ਪੁਲਿਸ ਹਿਰਾਸਤ ’ਚ, 8 ਘੰਟਿਆਂ ਤੋਂ ਵੱਧ ਧਰਨਾ

ਨਵੀਂ ਦਿੱਲੀ, 6 ਅਕਤੂਬਰ (ਦੇਸ਼ ਕਲਿੱਕ ਬਿਊਰੋ): SIR ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਦਿੱਲੀ ਵਿੱਚ ਵਿਰੋਧੀ ਧਿਰਾਂ ਦੇ ਪ੍ਰਦਰਸ਼ਨ ਦੌਰਾਨ ਕਾਂਗਰਸ ਆਗੂ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਨੂੰ ਦਿੱਲੀ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ। ਦੋਵਾਂ ਨੂੰ ਕਿੰਗਸਵੇ ਕੈਂਪ ਪੁਲਿਸ ਸਟੇਸ਼ਨ ਲਿਜਾਇਆ ਗਿਆ। ਇਸ ਤੋਂ ਪਹਿਲਾਂ ਰਾਹੁਲ ਅਤੇ ਪ੍ਰਿਯੰਕਾ ਗਾਂਧੀ ਸਮੇਤ ਵਿਰੋਧੀ ਧਿਰਾਂ ਦੇ ਆਗੂ ਆਕਾਸ਼ਵਾਣੀ ਭਵਨ ਦੇ ਪਰਿਸਰ ਵਿੱਚ 8 ਘੰਟਿਆਂ ਤੋਂ ਵੱਧ ਸਮੇਂ ਤੋਂ ਧਰਨੇ ’ਤੇ ਬੈਠੇ ਸਨ। ਰਾਹੁਲ ਗਾਂਧੀ ਨੇ ਕਿਹਾ ਸੀ ਕਿ ਉਹ ਗਿਆਨੇਸ਼ ਕੁਮਾਰ ਨਾਲ ਮੁਲਾਕਾਤ ਕੀਤੇ ਬਿਨਾਂ ਉਥੋਂ ਨਹੀਂ ਜਾਣਗੇ।

ਸੰਸਦ ਤੋਂ ਸ਼ੁਰੂ ਹੋਇਆ ਸੀ ‘ਸੇਵ ਡੈਮੋਕ੍ਰੇਸੀ ਮਾਰਚ’
ਮੰਗਲਵਾਰ ਸਵੇਰੇ ਵਿਰੋਧੀ ਧਿਰਾਂ ਦੇ ਸੰਸਦ ਮੈਂਬਰਾਂ ਨੇ ਸੰਸਦ ਦੇ ਮਕਰ ਦੁਆਰ ਤੋਂ ਚੋਣ ਕਮਿਸ਼ਨ ਦੇ ਦਫ਼ਤਰ ਵੱਲ ‘ਸੇਵ ਡੈਮੋਕ੍ਰੇਸੀ ਮਾਰਚ’ ਸ਼ੁਰੂ ਕੀਤਾ ਸੀ। ਪੁਲਿਸ ਨੇ ਮਾਰਚ ਨੂੰ ਆਕਾਸ਼ਵਾਣੀ ਭਵਨ ਨੇੜੇ ਬੈਰੀਕੇਡ ਲਗਾ ਕੇ ਰੋਕ ਦਿੱਤਾ। ਇਸ ਤੋਂ ਬਾਅਦ ਕਈ ਵਿਰੋਧੀ ਆਗੂ ਸੜਕ ’ਤੇ ਹੀ ਧਰਨੇ ’ਤੇ ਬੈਠ ਗਏ। ਰਾਹੁਲ ਗਾਂਧੀ ਅਤੇ ਟੀਐੱਮਸੀ ਆਗੂ ਅਭਿਸ਼ੇਕ ਬੈਨਰਜੀ ਬੈਰੀਕੇਡ ’ਤੇ ਚੜ੍ਹ ਗਏ, ਜਦਕਿ ਪ੍ਰਿਯੰਕਾ ਗਾਂਧੀ ਨੂੰ ਪਹਿਲਾਂ ਪੁਲਿਸ ਬੱਸ ਵਿੱਚ ਬਿਠਾਇਆ ਗਿਆ। ਉਹ ਬਾਅਦ ਵਿੱਚ ਬੱਸ ਤੋਂ ਉਤਰ ਕੇ ਆਪਣੇ ਭਰਾ ਨਾਲ ਆਕਾਸ਼ਵਾਣੀ ਭਵਨ ਦੇ ਪਰਿਸਰ ਵਿੱਚ ਧਰਨੇ ’ਤੇ ਬੈਠ ਗਈ।

300 ਤੋਂ ਵੱਧ ਸੰਸਦ ਮੈਂਬਰਾਂ ਦੇ ਸ਼ਾਮਲ ਹੋਣ ਦਾ ਦਾਅਵਾ
ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ 20 ਵਿਰੋਧੀ ਪਾਰਟੀਆਂ ਦੇ 300 ਤੋਂ ਵੱਧ ਸੰਸਦ ਮੈਂਬਰ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਏ। ਪ੍ਰਦਰਸ਼ਨ ਵਿੱਚ ਅਖਿਲੇਸ਼ ਯਾਦਵ, ਮੱਲਿਕਾਰਜੁਨ ਖੜਗੇ, ਅਭਿਸ਼ੇਕ ਬੈਨਰਜੀ ਸਮੇਤ ਕਈ ਆਗੂ ਮੌਜੂਦ ਰਹੇ। ਪੁਲਿਸ ਨੇ ਕਈ ਵਿਰੋਧੀ ਆਗੂਆਂ ਅਤੇ ਵਰਕਰਾਂ ਨੂੰ ਵੀ ਹਿਰਾਸਤ ਵਿੱਚ ਲਿਆ। ਵਿਰੋਧੀ ਧਿਰਾਂ SIR ਨੂੰ ਲੈ ਕੇ ਇਤਰਾਜ਼ ਜਤਾ ਰਹੀਆਂ ਹਨ ਅਤੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਕਰ ਰਹੀਆਂ ਹਨ।