ਦਰਦਨਾਕ ਸੜਕ ਹਾਦਸੇ ‘ਚ ਸਾਬਕਾ ਸਰਪੰਚ ਦੀ ਮੌਤ, ਧੀ ਗੰਭੀਰ ਜ਼ਖ਼ਮੀ
ਟਰੱਕ ਦੀ ਸਕੂਟਰੀ ਨਾਲ ਟੱਕਰ, ਲੋਕਾਂ ਨੇ ਚਾਲਕ ਨੂੰ ਕਾਬੂ ਕਰਕੇ ਪੁਲਿਸ ਹਵਾਲੇ ਕੀਤਾ
ਸ੍ਰੀ ਚਮਕੌਰ ਸਾਹਿਬ, 9 ਅਕਤੂਬਰ: ਸ੍ਰੀ ਚਮਕੌਰ ਸਾਹਿਬ ਤੋਂ ਰੋਪੜ ਜਾਣ ਵਾਲੇ ਮਾਰਗ ’ਤੇ ਪਿੰਡ ਕਮਾਲਪੁਰ ਦੀ ਨਦੀ ਦੇ ਪੁਲ ਨੇੜੇ ਵਾਪਰੇ ਸੜਕ ਹਾਦਸੇ ਵਿੱਚ ਸਾਬਕਾ ਸਰਪੰਚ ਦੀ ਮੌਤ ਹੋ ਗਈ, ਜਦਕਿ ਉਨ੍ਹਾਂ ਦੀ ਧੀ ਗੰਭੀਰ ਜ਼ਖ਼ਮੀ ਹੋ ਗਈ।
ਪ੍ਰਾਪਤ ਜਾਣਕਾਰੀ ਅਨੁਸਾਰ, ਹਰਬੰਸ ਸਿੰਘ, ਸਾਬਕਾ ਸਰਪੰਚ ਪਿੰਡ ਬਹਿਰਾਮਪੁਰ ਜ਼ਿਮੀਂਦਾਰਾ, ਆਪਣੀ ਧੀ ਨਾਲ ਸਕੂਟਰੀ ’ਤੇ ਸਵਾਰ ਹੋ ਕੇ ਆਪਣੇ ਪਿੰਡ ਜਾ ਰਹੇ ਸਨ। ਇਸ ਦੌਰਾਨ ਇੱਕ ਟਰੱਕ ਨੇ ਉਨ੍ਹਾਂ ਦੀ ਸਕੂਟਰੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸੇ ਵਿੱਚ ਪਿਓ-ਧੀ ਦੋਵੇਂ ਗੰਭੀਰ ਜ਼ਖ਼ਮੀ ਹੋ ਗਏ।
ਦੋਵਾਂ ਨੂੰ ਇਲਾਜ ਲਈ ਰੋਪੜ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਹਰਬੰਸ ਸਿੰਘ ਨੇ ਦਮ ਤੋੜ ਦਿੱਤਾ। ਉਨ੍ਹਾਂ ਦੀ ਧੀ ਦੀ ਲੱਤ ਦੀ ਹੱਡੀ ਟੁੱਟਣ ਦੀ ਸੂਚਨਾ ਹੈ ਅਤੇ ਉਸ ਦਾ ਇਲਾਜ ਜਾਰੀ ਹੈ।
ਹਾਦਸੇ ਤੋਂ ਬਾਅਦ ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਟਰੱਕ ਚਾਲਕ ਨੂੰ ਕਾਬੂ ਕਰ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿੱਤਾ। ਇਸ ਦਰਦਨਾਕ ਹਾਦਸੇ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਹੈ।







