ਅਸੀਂ ਅੱਤਵਾਦ ਦਾ ਕੀਤਾ ਸਫ਼ਾਇਆ: ਅਮਿਤ ਸ਼ਾਹ
ਨਵੀਂ ਦਿੱਲੀ, 13 ਅਕਤੂਬਰ 2026: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਹੈ ਕਿ ਭਾਰਤ ਅੱਤਵਾਦ ਵਿਰੁੱਧ ਜ਼ੀਰੋ ਟਾਲਰੈਂਸ ਦੀ ਨੀਤੀ ’ਤੇ ਕਾਇਮ ਹੈ। ਉਨ੍ਹਾਂ ਨੇ ਖੇਤਰੀ ਸੁਰੱਖਿਆ ਮਜ਼ਬੂਤ ਕਰਨ ਲਈ ਬਿਮਸਟੈਕ (BIMSTEC) ਦੇ ਮੈਂਬਰ ਦੇਸ਼ਾਂ ਵਿਚਾਲੇ ਆਪਸੀ ਸਹਿਯੋਗ ਵਧਾਉਣ ’ਤੇ ਜ਼ੋਰ ਦਿੱਤਾ।
ਨਵੀਂ ਦਿੱਲੀ ਵਿੱਚ ਬਿਮਸਟੈਕ ਦੇ ਗ੍ਰਹਿ ਮੰਤਰੀਆਂ ਦੀ ਪਹਿਲੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਅਮਿਤ ਸ਼ਾਹ ਨੇ ਕਿਹਾ ਕਿ ਹਰੇਕ ਮੈਂਬਰ ਦੇਸ਼ ਦਾ ਸੁਰੱਖਿਆ ਢਾਂਚਾ ਦੂਜੇ ਦੇਸ਼ਾਂ ਦੀ ਸੁਰੱਖਿਆ ਵਿੱਚ ਵੀ ਅਹਿਮ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਕਿਹਾ ਕਿ ਸਾਰੇ ਦੇਸ਼ਾਂ ਦਾ ਸਾਂਝਾ ਟੀਚਾ ਇਹ ਹੋਣਾ ਚਾਹੀਦਾ ਹੈ ਕਿ ਖੇਤਰ ਵਿੱਚ ਕਿਤੇ ਵੀ ਗੁਆਂਢੀ ਦੇਸ਼ਾਂ ਵਿਰੁੱਧ ਅੱਤਵਾਦੀ ਗਤੀਵਿਧੀਆਂ ਲਈ ਪਨਾਹ, ਭਰਤੀ, ਸਿਖਲਾਈ ਜਾਂ ਵਿੱਤੀ ਤੇ ਹੋਰ ਸਾਧਨ ਜੁਟਾਉਣ ਦੀ ਕੋਈ ਗੁੰਜਾਇਸ਼ ਨਾ ਰਹੇ।
ਗ੍ਰਹਿ ਮੰਤਰੀ ਨੇ ਕਿਹਾ ਕਿ ਭਾਰਤ ਅੰਤਰਰਾਸ਼ਟਰੀ ਅੱਤਵਾਦ, ਸੰਗਠਿਤ ਅਪਰਾਧ ਅਤੇ ਨਸ਼ੀਲੇ ਪਦਾਰਥਾਂ ਦੀ ਗੈਰ-ਕਾਨੂੰਨੀ ਤਸਕਰੀ ਨਾਲ ਨਜਿੱਠਣ ਲਈ ਬਿਮਸਟੈਕ ਕਨਵੈਨਸ਼ਨ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਅਤੇ ਆਪਸੀ ਸਹਿਯੋਗ ਵਧਾਉਣ ਲਈ ਵਚਨਬੱਧ ਹੈ।
ਉਨ੍ਹਾਂ ਕਿਹਾ ਕਿ ਅਪਰਾਧਿਕ ਨੈੱਟਵਰਕ ਸਰਹੱਦਾਂ ਪਾਰ ਸਰਗਰਮ ਹਨ ਅਤੇ ਸਥਾਨਕ ਕਮਜ਼ੋਰੀਆਂ ਦਾ ਫਾਇਦਾ ਉਠਾਉਂਦੇ ਹਨ। ਇਸ ਲਈ ਬਦਲਦੇ ਅਪਰਾਧਿਕ ਤਰੀਕਿਆਂ ਨਾਲ ਨਜਿੱਠਣ ਵਾਸਤੇ ਖੇਤਰੀ ਸਹਿਯੋਗ ਅਤੇ ਸਾਂਝੀ ਕਾਰਵਾਈ ਬੇਹੱਦ ਜ਼ਰੂਰੀ ਹੈ।







