- ਮੋਗਾ ‘ਚ ‘ਖੁਸ਼ਹਾਲ ਪੰਜਾਬ ਮਹਾਂ ਰੈਲੀ’ ਦੀ ਸਫ਼ਲਤਾ ਲਈ ‘ਆਪ’ ਪੰਜਾਬ ਪ੍ਰਧਾਨ ਨੇ ਪੰਜਾਬ ਦੇ ਲੋਕਾਂ, ਪਾਰਟੀ ਕਾਰਕੁਨਾਂ ਅਤੇ ਵਲੰਟੀਅਰਾਂ ਦਾ ਤਹਿ ਦਿਲੋਂ ਕੀਤਾ ਧੰਨਵਾਦ
- ਮੋਗਾ ਰੈਲੀ ਦਾ ਇਤਿਹਾਸਕ ਇਕੱਠ ਭਗਵੰਤ ਮਾਨ ਸਰਕਾਰ ਪ੍ਰਤੀ ਪੰਜਾਬ ਦੇ ਸਮਰਥਨ ਨੂੰ ਦਰਸਾਉਂਦਾ ਹੈ: ਅਮਨ ਅਰੋੜਾ
- 2 ਲੱਖ ਤੋਂ ਵੱਧ ਲੋਕਾਂ ਦੇ ਇਕੱਠ ਨੇ ਅਰਵਿੰਦ ਕੇਜਰੀਵਾਲ ਦੀ ਸੋਚ ਅਤੇ ਭਗਵੰਤ ਮਾਨ ਸਰਕਾਰ ਦੇ ਲੋਕ-ਪੱਖੀ ਕੰਮਾਂ ‘ਤੇ ਲਗਾਈ ਮੋਹਰ: ਅਮਨ ਅਰੋੜਾ
- 2027 ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਮੁੜ ‘ਆਪ’ ਦੀ ਸਰਕਾਰ ਬਣਾਉਣ ਲਈ ਇਸੇ ਸਮਰਪਣ ਅਤੇ ਵਚਨਬੱਧਤਾ ਨਾਲ ਕੰਮ ਕਰਾਂਗੇ: ਅਮਨ ਅਰੋੜਾ
ਚੰਡੀਗੜ੍ਹ; 27 ਨਵੰਬਰ (ਦੇਸ਼ ਕਲਿੱਕ ਬਿਊਰੋ): ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਬੀਤੇ ਦਿਨੀਂ ਮੋਗਾ ਵਿਖੇ ਹੋਈ ਪਾਰਟੀ ਦੀ ਇਤਿਹਾਸਕ ਰੈਲੀ ਦੀ ਬੇਮਿਸਾਲ ਸਫ਼ਲਤਾ ਲਈ ਪੰਜਾਬ ਦੇ ਸਮੂਹ ਲੋਕਾਂ, ਪਾਰਟੀ ਵਰਕਰਾਂ, ਵਲੰਟੀਅਰਾਂ, ਲੀਡਰਾਂ ਅਤੇ ਅਹੁਦੇਦਾਰਾਂ ਦਾ ਹੱਥ ਜੋੜ ਕੇ ਵਿਸ਼ੇਸ਼ ਤੌਰ ‘ਤੇ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸੇਵਾਦਾਰ ਹੋਣ ਦੇ ਨਾਤੇ ਉਹ ਹਰ ਉਸ ਵਿਅਕਤੀ ਦੇ ਰਿਣੀ ਹਨ ਜਿਨ੍ਹਾਂ ਨੇ ਇਸ ਰੈਲੀ ਨੂੰ ਸਫ਼ਲ ਬਣਾਉਣ ਲਈ ਦਿਨ-ਰਾਤ ਇੱਕ ਕੀਤਾ।
ਅਮਨ ਅਰੋੜਾ ਨੇ ਕਿਹਾ ਕਿ ਮੋਗਾ ਰੈਲੀ ਵਿੱਚ ਉਮੀਦਾਂ ਅਤੇ ਆਸਾਂ ਤੋਂ ਵੀ ਕਿਤੇ ਵੱਧ, ਦੋ ਲੱਖ ਤੋਂ ਜ਼ਿਆਦਾ ਲੋਕ ਆਪ-ਮੁਹਾਰੇ ਪਹੁੰਚੇ, ਜੋ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਪੰਜਾਬ ਦੇ ਲੋਕ ਪਾਰਟੀ ਨਾਲ ਚੱਟਾਨ ਵਾਂਗ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਇਕੱਠ ਨੇ ਆਮ ਆਦਮੀ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ, ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਸਾਫ਼ ਨੀਅਤ ਤੇ ਨੀਤੀ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਲੋਕ-ਭਲਾਈ ਦੇ ਕੰਮਾਂ ‘ਤੇ ਆਪਣੀ ਪੱਕੀ ਮੋਹਰ ਲਗਾ ਦਿੱਤੀ ਹੈ।
ਸੂਬਾ ਪ੍ਰਧਾਨ ਨੇ ਸਮੂਹ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਸੱਦਾ ਦਿੰਦਿਆਂ ਕਿਹਾ ਕਿ ਆਓ ਸਾਰੇ ਰਲ-ਮਿਲ ਕੇ ਇਹ ਤਹੱਈਆ ਕਰੀਏ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਵੀ ਇਸੇ ਮਿਹਨਤ, ਜਜ਼ਬੇ ਅਤੇ ਸ਼ਿੱਦਤ ਨਾਲ ਕੰਮ ਕਰਦਿਆਂ ਮੁੜ ਦੁਬਾਰਾ ਭਗਵੰਤ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਈਏ।





