- ਵਿੱਤ ਮੰਤਰੀ ਵੱਲੋਂ 13 ਅਕਤੂਬਰ ਨੂੰ ਹੋਣ ਮੀਟਿੰਗ ਮੁਲਤਵੀ ਕਰਨ ਤੇ ਠੇਕਾ ਕਾਮਿਆਂ ਵਿਚ ਭਾਰੀ ਰੋਸ਼
- ਸੀਵਰੇਜ ਬੋਰਡ ਅਤੇ ਪਾਵਰਕਾਮ ਚ ਰਹਿੰਦੀਆਂ ਕੈਟਾਗਰੀਆਂ ਨੂੰ ਸਿੱਧਾ ਵਿਭਾਗ ਵਿੱਚ ਸ਼ਾਮਿਲ ਕਰਨ ਦੀ ਮੰਗ
ਚੰਡੀਗੜ੍ਹ, 13 ਅਕਤੂਬਰ (ਦੇਸ਼ ਕਲਿੱਕ ਬਿਊਰੋ): ਪੰਜਾਬ ਵਾਟਰ ਸਪਲਾਈ ਅਤੇ ਸੀਵਰੇਜ ਬੋਰਡ ਇਮਪਲਾਈਜ਼ ਕੰਟਰੈਕਟ ਵਰਕਰਜ ਲੇਬਰ ਯੂਨੀਅਨ ਰਜਿ ਅਤੇ ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਦੇ ਵੱਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਹਲਕਾ ਦਿੜਬਾ ਵਿਖੇ ਪਰਿਵਾਰਾਂ ਤੇ ਬੱਚਿਆਂ ਸਮੇਤ 14 ਅਕਤੂਬਰ ਨੂੰ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਹੈ। ਬੀਤੇ ਦਿਨੀ ਹਲਕਾ ਦਿੜਬਾ ਵਿਖੇ ਲਗਾਏ ਗਏ ਧਰਨੇ ਦੌਰਾਨ ਸੰਘਰਸ਼ ਤੇ ਜੋਰ ਤੇ ਦੋਵੇਂ ਜਥੇਬੰਦੀਆਂ ਨੂੰ ਵਿੱਤ ਮੰਤਰੀ ਵੱਲੋਂ ਲਿਖਤੀ ਮੀਟਿੰਗ ਦਿੱਤੀ ਗਈ ਸੀ। ਪਰ ਅੱਜ ਬਾਅਦ ਦੁਪਹਿਰ ਵਿੱਤ ਮੰਤਰੀ ਦੇ ਦਫਤਰ ਚੰਡੀਗੜ੍ਹ ਤੋਂ ਫੋਨ ਕਾਲ ਰਾਹੀਂ ਮੀਟਿੰਗ ਮੁਲਤਵੀ ਹੋਣ ਦਾ ਸੁਨੇਹਾ ਜਥੇਬੰਦੀਆਂ ਨੂੰ ਦਿੱਤਾ ਗਿਆ। ਜਿਸ ਦੇ ਰੋਸ ਵਜੋਂ ਹਲਕਾ ਦਿੜਬਾ ਵਿਖੇ ਵੱਡਾ ਇਕੱਠ ਕਰਨ ਦਾ ਐਲਾਨ ਕੀਤਾ ਗਿਆ ਹੈ। ਪ੍ਰਧਾਨ ਸ਼ੇਰ ਸਿੰਘ ਖੰਨਾ ਅਤੇ ਪ੍ਰਧਾਨ ਬਲਿਹਾਰ ਸਿੰਘ ਨੇ ਕਿਹਾ ਆਊਟਸੋਰਸ ਕਾਮਿਆ ਨੂੰ ਸਿੱਧਾ ਵਿਭਾਗ ਸ਼ਾਮਿਲ ਕੀਤਾ ਜਾਵੇ, ਸਰਕਾਰੀ ਅਦਾਰਿਆਂ ਵਿੱਚ ਨਿੱਜੀਕਰਨ ਦੀ ਨੀਤੀ ਨੂੰ ਰੱਦ ਕੀਤਾ ਜਾਵੇ। ਘੱਟੋ ਘੱਟ ਗੁਜ਼ਾਰੇ ਯੋਗ ਤਨਖਾਹ ਲਾਗੂ ਕੀਤੀ ਜਾਵੇ।
ਠੇਕੇਦਾਰ, ਕੰਪਨੀਆਂ ਨੂੰ ਬਾਹਰ ਕੱਢਿਆ ਜਾਵੇ , ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਹੋਈ ਮੀਟਿੰਗ ਵਿੱਚ ਸੀਵਰੇਜ ਬੋਰਡ ਅਤੇ ਪਾਵਰਕੌਮ ਦੇ ਉੱਚ ਅਧਿਕਾਰੀਆਂ ਨੂੰ ਇਹ ਹਦਾਇਤ ਕੀਤੀ ਗਈ ਸੀ ਕਿ ਸੀਵਰੇਜ ਬੋਰਡ ਵਿੱਚ 2300 ਦੇ ਕਰੀਬ ਵੱਖ ਕੈਟਾਗਰੀਆ ਜਿਵੇਂ ਕਿ ਪੰਪ ਆਪਰੇਟਰ, ਸੀਵਰਮੈਨ, ਬੇਲਦਾਰ, ਫਿਟਰ ,ਮਾਲੀ -ਕਮ ਚੌਂਕੀਦਾਰ ,ਬਿਲ ਕਲਰਕ, ਬਿਲ ਡਿਸਟਰੀਬਿਊਟਰ ਆਦਿ ਅਤੇ ਪਾਵਰਕਾਮ ਦੇ ਐਨਸੀਸੀ, ਸੀਆਰਸੀ, ਪੈਸਕੋ ਅਤੇ ਸਟੋਰਾਂ ਚ ਕੰਮ ਕਰਦੇ ਆਊਟਸੋਰਸ ਮੁਲਾਜ਼ਮਾਂ ਨੂੰ ਸਿੱਧਾ ਬੋਰਡ ਦੇ ਕੰਟਰੈਕਟ ਤੇ ਕੀਤਾ ਜਾਵੇ ਪਰ ਕੁਝ ਫੈਸਲੇ ਨੂੰ ਹੁਣ ਤੱਕ ਲਾਗੂ ਨਹੀਂ ਕੀਤਾ ਗਿਆ। ਵਿੱਤ ਮੰਤਰੀ ਵੱਲੋਂ ਮੀਟਿੰਗਾਂ ਦੇ ਕੇ ਉਨਾਂ ਨੂੰ ਮੁਲਤ ਵੀ ਕੀਤਾ ਜਾ ਰਿਹਾ ਹੈ। ਦੋਵੇਂ ਜਥੇਬੰਦੀਆਂ ਵੱਲੋਂ ਇਹ ਫੈਸਲਾ ਕੀਤਾ ਗਿਆ ਹੈ ਕਿ 14 ਅਕਤੂਬਰ 2026 ਨੂੰ ਦਿੜਬਾ ਸ਼ਹਿਰ ਦੀ ਵਿੱਚ ਵਿਸ਼ਾਲ ਰੋਸ ਧਰਨਾ ਦਿੱਤਾ ਜਾਵੇਗਾ ਤੇ ਆਪਣੇ ਪਰਿਵਾਰਾਂ ਤੇ ਬੱਚਿਆਂ ਸਮੇਤ ਝੰਡਾ ਮਾਰਚ ਕੀਤਾ ਜਾਵੇਗਾ।







