ਨਸ਼ਾ ਵਿਰੋਧੀ ਕਾਰਕੁੰਨ ਤੇ ਸਮਾਜਿਕ ਕਾਰਕੁੰਨ ਪੰਜਾਬ ’ਚ ਸਭ ਤੋਂ ਵੱਧ ਅਸੁਰੱਖਿਅਤ: ਅਕਾਲੀ ਦਲ

Top Trending News ਪੰਜਾਬ
  • ਨਸ਼ਾ ਵਿਰੋਧੀ ਕਾਰਕੁੰਨ ਤੇ ਸਮਾਜਿਕ ਕਾਰਕੁੰਨ ਪੰਜਾਬ ’ਚ ਸਭ ਤੋਂ ਵੱਧ ਅਸੁਰੱਖਿਅਤ: ਅਕਾਲੀ ਦਲ
  • ਸੁਰੱਖਿਆ ਕੇਵਲ ਆਪ ਆਗੂਆਂ ਵਾਸਤੇ: ਅਰਸ਼ਦੀਪ ਸਿੰਘ ਕਲੇਰ

ਚੰਡੀਗੜ੍ਹ, 13 ਅਕਤੂਬਰ (ਦੇਸ਼ ਕਲਿੱਕ ਬਿਊਰੋ): ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਨਸ਼ਾ ਵਿਰੋਧੀ ਕਾਰਕੁੰਨ ਤੇ ਸਮਾਜਿਕ ਕਾਰਕੁੰਨ ਪੰਜਾਬ ’ਚ ਇਸ ਵੇਲੇ ਸਭ ਤੋਂ ਵੱਧ ਅਸੁਰੱਖਿਅਤ ਹਨ ਜੋ ਅੱਜ ਮਾਨਸਾ ਵਿਚ ਪਰਵਿੰਦਰ ਸਿੰਘ ਝੋਟਾ ਦੇ ਕਤਲ ਤੋਂ ਸਾਬਤ ਹੁੰਦਾ ਹੈ।

ਇਥੇ ਪਾਰਟੀ ਦੇ ਮੁੱਖ ਦਫਤਰ ਵਿਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਮੁੱਖ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਨੇ ਕਿਹਾ ਕਿ ਇਹ ਇਕ ਸੱਚਾਈ ਹੈ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਨੂੰ ਸਿਰਫ ਆਪ ਆਗੂਆਂ ਦੀ ਚਿੰਤਾ ਹੈ, ਇਸੇ ਲਈ ਉਹਨਾਂ ਨਾਲ ਭਾਰੀ ਸੁਰੱਖਿਆ ਬਲ ਤਾਇਨਾਤ ਹਨ। ਉਹਨਾਂ ਕਿਹਾ ਕਿ ਬਾਕੀ ਪੰਜਾਬ ਖਾਸ ਤੌਰ ’ਤੇ ਜੋ ਨਸ਼ਾ ਵਿਰੋਧੀ ਤੇ ਸਮਾਜਿਕ ਕਾਰਕੁੰਨਾਂ ਵਜੋਂ ਕੰਮ ਕਰ ਰਹੇ ਹਨ, ਉਹ ਸੂਬੇ ਵਿਚ ਸਭ ਤੋਂ ਵੱਧ ਅਸੁਰੱਖਿਅਤ ਹਨ।

ਉਹਨਾਂ ਕਿਹਾ ਕਿ ਇਹ ਇਕ ਪ੍ਰਮਾਣਕ ਸੱਚਾਈ ਹੈ ਕਿ ਆਪ ਆਗੂ ਨਸ਼ਾ ਮਾਫੀਆ ਦੀ ਪੁਸ਼ਤਪਨਾਹੀ ਕਰ ਰਹੇ ਹਨ। ਉਹਨਾਂ ਕਿਹਾ ਕਿ ਆਪ ਆਗੂ ਜਿਸਨੂੰ ਅਰਵਿੰਦ ਕੇਜਰੀਵਾਲ ਨੇ ਨਸ਼ਾ ਵਿਰੋਧੀ ਮੁਹਿੰਮ ਦਾ ਮੁਖੀ ਲਗਾਇਆ ਸੀ, ਉਸਦੇ ਘਰੋਂ ਐਨ ਸੀ ਬੀ ਨੇ 1600 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਹੈ। ਉਹਨਾਂ ਕਿਹਾ ਕਿ ਆਪ ਨਸ਼ਾ ਮਾਫੀਆ ਦੇ ਨੈਟਵਰਕ ਰਾਹੀਂ ਕਮਾਇਆ ਪੈਸਾ ਵਰਤ ਰਹੀ ਹੈ।

ਉਹਨਾਂ ਕਿਹਾ ਕਿ ਪਰਵਿੰਦਰ ਝੋਟਾ ਨਸ਼ਾ ਵਿਰੋਧੀ ਮੁਹਿੰਮ ਚਲਾ ਰਿਹਾ ਸੀ ਤੇ ਮਾਨਸਾ ਇਲਾਕੇ ਵਿਚ ਬਹੁਤ ਸਰਗਰਮ ਸੀ। ਉਹਨਾਂ ਕਿਹਾ ਕਿ ਜਿਸ ਵਿਅਕਤੀ ਨੇ ਉਸਨੂੰ ਗੋਲੀ ਮਾਰੀ, ਉਸਨੇ ਗੋਲੀ ਮਾਰਨ ਤੋਂ ਪਹਿਲਾਂ ਕਿਸੇ ਨੂੰ ਫੋਨ ਕੀਤਾ ਸੀ। ਉਹਨਾਂ ਕਿਹਾ ਕਿ ਅਜਿਹੇ ਲੋਕ ਜਿਹਨਾਂ ਵਿਚ ਮਾਨਸਾ ਤੋਂ ਆਪ ਵਿਧਾਇਕ ਡਾ. ਵਿਜੇ ਸਿੰਗਲਾ ਵੀ ਸ਼ਾਮਲ ਹੈ, ਇਸ ਮਾਫੀਆ ਦੀ ਪੁਸ਼ਤਪਨਾਹੀ ਕਰਦੇ ਹਨ। ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਤਾਂ ਆਪਣੇ ਖਿਲਾਫ ਇਕ ਸ਼ਬਦ ਵੀ ਨਹੀਂ ਸੁਣ ਸਕਦਾ ਇਹੀ ਕਾਰਨ ਹੈ ਕਿ ਮੁੱਖ ਮੰਤਰੀ ਨੂੰ ਕਾਲੀ ਝੰਡੀ ਵਿਖਾਉਣ ’ਤੇ ਮੋਹਣਜੀਤ ਸਿੰਘ ਸ਼ੇਰੋਂ ’ਤੇ ਅੰਨਾ ਤਸ਼ੱਦਦ ਢਾਹਿਆ ਗਿਆ।

ਉਹਨਾਂ ਕਿਹਾ ਕਿ ਅਕਾਲੀ ਦਲ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰ ਨਾਲ ਡੱਟ ਕੇ ਖੜ੍ਹਾ ਹੈ ਤੇ ਮਾਮਲੇ ਵਿਚ ਨਿਆਂ ਮਿਲਣਾ ਯਕੀਨੀ ਬਣਾਏਗਾ।