ਪੰਜਾਬ ‘ਚ ਗੈਂਗਸਟਰ ਹਿੰਸਾ ਦੇ ਪੀੜਤ ਪਰਿਵਾਰਾਂ ਨੂੰ ਮਿਲਣਗੇ ਸਚਿਨ ਪਾਇਲਟ, 11 ਜ਼ਿਲ੍ਹਿਆਂ ਦਾ ਕਰਨਗੇ ਦੌਰਾ

Top Trending News ਚੰਡੀਗੜ੍ਹ ਦਿੱਲੀ ਪੰਜਾਬ

 

ਪੰਜਾਬ ‘ਚ ਗੈਂਗਸਟਰ ਹਿੰਸਾ ਦੇ ਪੀੜਤ ਪਰਿਵਾਰਾਂ ਨੂੰ ਮਿਲਣਗੇ ਸਚਿਨ ਪਾਇਲਟ, 11 ਜ਼ਿਲ੍ਹਿਆਂ ਦਾ ਕਰਨਗੇ ਦੌਰਾ

16 ਤੋਂ 20 ਅਕਤੂਬਰ ਤੱਕ ਪੰਜਾਬ ਦੌਰੇ ’ਤੇ ਰਹਿਣਗੇ ਪੰਜਾਬ ਕਾਂਗਰਸ ਦੇ ਇੰਚਾਰਜ, ਕਾਨੂੰਨ ਵਿਵਸਥਾ ਦਾ ਚੁੱਕਣਗੇ ਮੁੱਦਾ

ਚੰਡੀਗੜ੍ਹ/ਨਵੀਂ ਦਿੱਲੀ 16 ਅਕਤੂਬਰ 2026: ਪੰਜਾਬ ਕਾਂਗਰਸ ਦੇ ਇੰਚਾਰਜ ਅਤੇ ਕਾਂਗਰਸ ਦੇ ਸੀਨੀਅਰ ਆਗੂ ਸਚਿਨ ਪਾਇਲਟ ਅੱਜ 16 ਅਕਤੂਬਰ ਤੋਂ 20 ਅਕਤੂਬਰ 2026 ਤੱਕ ਪੰਜਾਬ ਦੇ ਪੰਜ ਦਿਨਾਂ ਦੌਰੇ ’ਤੇ ਰਹਿਣਗੇ। ਇਸ ਦੌਰਾਨ ਉਹ ਸੂਬੇ ਵਿੱਚ ਗੈਂਗਵਾਰ ਅਤੇ ਗੈਂਗਸਟਰ ਹਿੰਸਾ ਨਾਲ ਪ੍ਰਭਾਵਿਤ ਪਰਿਵਾਰਾਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਤਜਰਬਿਆਂ ਬਾਰੇ ਜਾਣਕਾਰੀ ਹਾਸਲ ਕਰਨਗੇ।

ਜਾਣਕਾਰੀ ਅਨੁਸਾਰ, ਸਚਿਨ ਪਾਇਲਟ ਦਾ ਇਹ ਦੌਰਾ ਪੰਜਾਬ ਦੇ 11 ਜ਼ਿਲ੍ਹਿਆਂ ਵਿੱਚ ਹੋਵੇਗਾ। ਇਨ੍ਹਾਂ ਵਿੱਚ ਮੋਗਾ, ਬਠਿੰਡਾ, ਮਾਨਸਾ, ਲੁਧਿਆਣਾ, ਜਲੰਧਰ, ਕਪੂਰਥਲਾ, ਹੁਸ਼ਿਆਰਪੁਰ, ਪਠਾਨਕੋਟ, ਗੁਰਦਾਸਪੁਰ, ਤਰਨਤਾਰਨ ਅਤੇ ਅੰਮ੍ਰਿਤਸਰ ਸ਼ਾਮਲ ਹਨ।

ਦੌਰੇ ਦੌਰਾਨ ਉਹ ਗੈਂਗਸਟਰ ਹਿੰਸਾ ਕਾਰਨ ਪ੍ਰਭਾਵਿਤ ਹੋਏ ਪਰਿਵਾਰਾਂ ਨਾਲ ਗੱਲਬਾਤ ਕਰਨਗੇ ਅਤੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਜਾਣਨਗੇ। ਇਸ ਦੇ ਨਾਲ ਹੀ ਉਹ ਅਜਿਹੀਆਂ ਘਟਨਾਵਾਂ ਸਬੰਧੀ ਪੁਲਿਸ ਅਤੇ ਸੂਬਾ ਸਰਕਾਰ ਵੱਲੋਂ ਕੀਤੀ ਗਈ ਕਾਰਵਾਈ ਦਾ ਜਾਇਜ਼ਾ ਵੀ ਲੈਣਗੇ।

ਸਚਿਨ ਪਾਇਲਟ ਦੇ ਇਸ ਦੌਰੇ ਨੂੰ ਪੰਜਾਬ ਵਿੱਚ ਅਮਨ-ਕਾਨੂੰਨ ਦੀ ਸਥਿਤੀ ਦਾ ਮੁੱਦਾ ਉਭਾਰਨ ਦੇ ਲਿਹਾਜ਼ ਨਾਲ ਅਹਿਮ ਮੰਨਿਆ ਜਾ ਰਿਹਾ ਹੈ। ਕਾਂਗਰਸ ਵੱਲੋਂ ਇਸ ਦੌਰੇ ਰਾਹੀਂ ਗੈਂਗਸਟਰ ਹਿੰਸਾ ਅਤੇ ਲੋਕਾਂ ਦੀ ਸੁਰੱਖਿਆ ਨਾਲ ਜੁੜੇ ਸਵਾਲਾਂ ਨੂੰ ਉਠਾਏ ਜਾਣ ਦੀ ਸੰਭਾਵਨਾ ਹੈ।