ਵੱਡੀ ਖ਼ਬਰ: ਯੂਥ ਕਾਂਗਰਸ ਪ੍ਰਧਾਨ ਸਮੇਤ ਕਈ ਆਗੂ ਪੁਲਿਸ ਨੇ ਲਏ ਹਿਰਾਸਤ ’ਚ
FIR ਦਰਜ ਕਰਵਾਉਣ ਦੀ ਮੰਗ ਨੂੰ ਲੈ ਕੇ ਰਾਤ ਭਰ ਧਰਨਾ ਦਿੰਦੇ ਰਹੇ ਵਰਕਰ; ਦੋ ਮਹਿਲਾ ਕਾਰਕੁਨਾਂ ਨਾਲ ਬਦਸਲੂਕੀ ਤੇ ਕੁੱਟਮਾਰ ਦੇ ਵੀ ਲੱਗੇ ਦੋਸ਼
ਨਵੀਂ ਦਿੱਲੀ 16 ਅਕਤੂਬਰ 2026- ਦਿੱਲੀ ਪੁਲਿਸ ਨੇ ਅੱਜ ਸਵੇਰੇ ਕਰੀਬ ਸਾਢੇ ਚਾਰ ਵਜੇ ਭਾਰਤੀ ਯੂਥ ਕਾਂਗਰਸ ਦੇ ਕੌਮੀ ਪ੍ਰਧਾਨ ਉਦੈ ਭਾਨੂ ਚਿਬ ਸਮੇਤ ਕਾਂਗਰਸ ਦੇ ਕਈ ਆਗੂਆਂ ਅਤੇ ਐੱਨਐੱਸਯੂਆਈ ਦੇ ਵਰਕਰਾਂ ਨੂੰ ਹਿਰਾਸਤ ਵਿੱਚ ਲੈ ਲਿਆ। ਇਹ ਸਾਰੇ ਆਗੂ ਅਤੇ ਵਰਕਰ ਸੰਸਦ ਮਾਰਗ ਥਾਣੇ ਦੇ ਬਾਹਰ ਰਾਤ ਭਰ ਧਰਨੇ ’ਤੇ ਬੈਠੇ ਰਹੇ ਅਤੇ ਮਾਮਲੇ ਵਿੱਚ ਐੱਫਆਈਆਰ ਦਰਜ ਕਰਨ ਦੀ ਮੰਗ ਕਰ ਰਹੇ ਸਨ।
ਜਾਣਕਾਰੀ ਅਨੁਸਾਰ, ਪ੍ਰਦਰਸ਼ਨਕਾਰੀਆਂ ਵੱਲੋਂ ਲਗਾਤਾਰ ਪੁਲਿਸ ’ਤੇ ਕਾਰਵਾਈ ਕਰਨ ਲਈ ਦਬਾਅ ਬਣਾਇਆ ਜਾ ਰਿਹਾ ਸੀ। ਹਾਲਾਂਕਿ, ਸਵੇਰ ਹੁੰਦਿਆਂ ਹੀ ਪੁਲਿਸ ਨੇ ਕਾਰਵਾਈ ਕਰਦਿਆਂ ਪ੍ਰਦਰਸ਼ਨ ਵਿੱਚ ਸ਼ਾਮਲ ਆਗੂਆਂ ਅਤੇ ਕਾਰਕੁਨਾਂ ਨੂੰ ਹਿਰਾਸਤ ਵਿੱਚ ਲੈ ਲਿਆ।
ਇਸ ਘਟਨਾ ਤੋਂ ਬਾਅਦ ਪੁਲਿਸ ਦੀ ਕਾਰਵਾਈ ਨੂੰ ਲੈ ਕੇ ਵਿਵਾਦ ਵੀ ਖੜ੍ਹਾ ਹੋ ਗਿਆ ਹੈ। ਐੱਨਐੱਸਯੂਆਈ ਦੀਆਂ ਦੋ ਮਹਿਲਾ ਕਾਰਕੁਨਾਂ ਰਿਤੂ ਬਰਾਲਾ ਅਤੇ ਅਥਿਰਾ ਵਿਜਯਨ ਨਾਲ ਕਥਿਤ ਤੌਰ ’ਤੇ ਬਦਸਲੂਕੀ ਕਰਨ ਅਤੇ ਕੁੱਟਮਾਰ ਕੀਤੇ ਜਾਣ ਦੇ ਦੋਸ਼ ਵੀ ਪੁਲਿਸ ’ਤੇ ਲਗਾਏ ਗਏ ਹਨ।
ਫਿਲਹਾਲ, ਇਸ ਮਾਮਲੇ ਵਿੱਚ ਪੁਲਿਸ ਦੀ ਕਾਰਵਾਈ ਅਤੇ ਮਹਿਲਾ ਕਾਰਕੁਨਾਂ ਵੱਲੋਂ ਲਗਾਏ ਗਏ ਦੋਸ਼ਾਂ ਨੂੰ ਲੈ ਕੇ ਸਿਆਸੀ ਮਾਹੌਲ ਗਰਮਾਉਣ ਦੀ ਸੰਭਾਵਨਾ ਹੈ।







