ਬੰਗਲਾਦੇਸ਼ ਦੇ ਰਿਜ਼ੌਰਟ ’ਚ ਭਿਆਨਕ ਅੱਗ, 10 ਲੋਕਾਂ ਦੀ ਮੌਤ; ਮ੍ਰਿਤਕਾਂ ‘ਚ ਇੱਕੋ ਪਰਿਵਾਰ ਦੇ 6 ਜੀਅ

Top Trending News ਕੌਮਾਂਤਰੀ
  • ਬੰਗਲਾਦੇਸ਼ ਦੇ ਰਿਜ਼ੌਰਟ ’ਚ ਭਿਆਨਕ ਅੱਗ, 10 ਲੋਕਾਂ ਦੀ ਮੌਤ; ਮ੍ਰਿਤਕਾਂ ‘ਚ ਇੱਕੋ ਪਰਿਵਾਰ ਦੇ 6 ਜੀਅ

ਨਵੀਂ ਦਿੱਲੀ: 17 ਅਕਤੂਬਰ (ਦੇਸ਼ ਕਲਿੱਕ ਬਿਊਰੋ): ਬੰਗਲਾਦੇਸ਼ ਦੇ ਕੌਕਸ ਬਾਜ਼ਾਰ ਜ਼ਿਲ੍ਹੇ ਵਿੱਚ ਸ਼ਨੀਵਾਰ ਸਵੇਰੇ ਸਮੁੰਦਰ ਕੰਢੇ ਸਥਿਤ ਇੱਕ ਰਿਜ਼ੌਰਟ ਵਿੱਚ ਅੱਗ ਲੱਗਣ ਕਾਰਨ ਘੱਟੋ-ਘੱਟ 10 ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਇੱਕੋ ਪਰਿਵਾਰ ਦੇ ਛੇ ਮੈਂਬਰ ਸ਼ਾਮਲ ਹਨ। ਹਾਦਸੇ ਵਿੱਚ ਕਈ ਹੋਰ ਲੋਕ ਜ਼ਖ਼ਮੀ ਹੋਏ ਹਨ। ਜਾਣਕਾਰੀ ਅਨੁਸਾਰ, ਅੱਗ ਸਵੇਰੇ ਕਰੀਬ 7:25 ਵਜੇ ‘ਟੁਪਟੁਪ ਰੈਸਟੋ ਐਂਡ ਰਿਜ਼ੌਰਟ’ ਵਿੱਚ ਲੱਗੀ। ਬਾਂਸ ਅਤੇ ਲੱਕੜ ਨਾਲ ਬਣੀ ਤਿੰਨ ਮੰਜ਼ਿਲਾ ਇਮਾਰਤ ਅੱਗ ਦੀ ਲਪੇਟ ਵਿੱਚ ਆ ਕੇ ਪੂਰੀ ਤਰ੍ਹਾਂ ਸੜ ਗਈ। ਅੱਗ ਲੱਗਣ ਵੇਲੇ ਰਿਜ਼ੌਰਟ ਵਿੱਚ ਲਗਭਗ 30 ਲੋਕ ਮੌਜੂਦ ਸਨ। ਇਨ੍ਹਾਂ ਵਿੱਚੋਂ ਚਾਰ ਤੋਂ ਪੰਜ ਲੋਕ ਬਾਹਰ ਨਿਕਲਣ ਵਿੱਚ ਕਾਮਯਾਬ ਰਹੇ, ਜਦਕਿ ਬਾਕੀਆਂ ਬਾਰੇ ਸ਼ੁਰੂਆਤੀ ਰਿਪੋਰਟਾਂ ਵਿੱਚ ਸਪੱਸ਼ਟ ਜਾਣਕਾਰੀ ਨਹੀਂ ਮਿਲੀ।

ਸ਼ਾਰਟ ਸਰਕਟ ਤੋਂ ਅੱਗ ਲੱਗਣ ਦਾ ਖ਼ਦਸ਼ਾ
ਬੰਗਲਾਦੇਸ਼ੀ ਅਖ਼ਬਾਰ ‘ਪ੍ਰੋਥੋਮ ਆਲੋ’ ਨੇ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਬਿਜਲੀ ਦੀਆਂ ਤਾਰਾਂ ਵਿੱਚ ਸ਼ਾਰਟ ਸਰਕਟ ਕਾਰਨ ਅੱਗ ਲੱਗਣ ਦਾ ਖ਼ਦਸ਼ਾ ਹੈ। ਅੱਗ ਪਹਿਲਾਂ ਏਅਰ ਕੰਡੀਸ਼ਨਰ ਤੱਕ ਪਹੁੰਚੀ ਅਤੇ ਗੈਸ ਸਿਲੰਡਰ ਵਿੱਚ ਧਮਾਕੇ ਤੋਂ ਬਾਅਦ ਤੇਜ਼ੀ ਨਾਲ ਪੂਰੀ ਇਮਾਰਤ ਵਿੱਚ ਫੈਲ ਗਈ। ਫਾਇਰ ਬ੍ਰਿਗੇਡ ਦੀਆਂ ਟੀਮਾਂ ਸਵੇਰੇ ਕਰੀਬ 8 ਵਜੇ ਮੌਕੇ ’ਤੇ ਪਹੁੰਚੀਆਂ ਅਤੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ। ਸਵੇਰੇ 11 ਵਜੇ ਤੱਕ ਅੱਗ ’ਤੇ ਕਾਬੂ ਪਾ ਲਿਆ ਗਿਆ। ਅੱਗ ਲੱਗਣ ਦੇ ਅਸਲ ਕਾਰਨਾਂ ਦੀ ਪੁਸ਼ਟੀ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਹੋਵੇਗੀ।

ਦੂਜੀ ਮੰਜ਼ਿਲ ਤੋਂ ਛਾਲ ਮਾਰ ਕੇ ਬਚਾਈ ਜਾਨ
ਰਿਪੋਰਟਾਂ ਮੁਤਾਬਕ, ਅਸ਼ਿਕੁਲ ਇਸਲਾਮ ਆਪਣੇ ਪਰਿਵਾਰ ਨਾਲ ਛੁੱਟੀਆਂ ਮਨਾਉਣ ਲਈ ਰਿਜ਼ੌਰਟ ਵਿੱਚ ਆਏ ਹੋਏ ਸਨ। ਅੱਗ ਲੱਗਣ ’ਤੇ ਉਨ੍ਹਾਂ ਨੇ ਦੂਜੀ ਮੰਜ਼ਿਲ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ, ਪਰ ਉਨ੍ਹਾਂ ਦੀ ਪਤਨੀ ਇਸਰਤ ਜਹਾਂ ਮਲਿਹਾ ਅਤੇ ਪਰਿਵਾਰ ਦੇ ਪੰਜ ਹੋਰ ਮੈਂਬਰਾਂ ਦੀ ਮੌਤ ਹੋ ਗਈ। ਹਸਪਤਾਲ ਦੇ ਅਧਿਕਾਰੀਆਂ ਅਨੁਸਾਰ, ਪਛਾਣੇ ਗਏ ਮ੍ਰਿਤਕਾਂ ਵਿੱਚ 30 ਸਾਲਾ ਇਸਰਤ ਜਹਾਂ ਮਲਿਹਾ, 23 ਸਾਲਾ ਮਿਲਿਤਾ ਮੇਹਜਾਬੀਨ ਅਲਵੀ, 27 ਸਾਲਾ ਲੈਲਾ ਜਹਾਂ ਨਾਬਿਲਾ, 27 ਸਾਲਾ ਨਫ਼ਿਸਤਾ ਮੀਮ, 33 ਸਾਲਾ ਫਰੀਹਾ ਕਬੀਰ ਅਤੇ ਪੰਜ ਸਾਲਾ ਫੈਜ਼ਾਨ ਅਹਿਮਦ ਸ਼ਾਮਲ ਹਨ।

ਅੱਗ ਤੋਂ ਬਚਾਅ ਦੇ ਪ੍ਰਬੰਧਾਂ ਬਾਰੇ ਪਹਿਲਾਂ ਵੀ ਚੇਤਾਵਨੀ
ਰਿਪੋਰਟ ਮੁਤਾਬਕ, ਰਿਜ਼ੌਰਟ ਕੋਲ ਅੱਗ ਤੋਂ ਬਚਾਅ ਦੇ ਪ੍ਰਬੰਧਾਂ ਸਬੰਧੀ ਲੋੜੀਂਦੀ ਮਨਜ਼ੂਰੀ ਨਹੀਂ ਸੀ। ਜੂਨ ਮਹੀਨੇ ਵਿੱਚ ਜਾਂਚ ਦੌਰਾਨ ਅਧਿਕਾਰੀਆਂ ਨੇ ਇਸ ਬਾਰੇ ਚੇਤਾਵਨੀ ਵੀ ਦਿੱਤੀ ਸੀ। ਇਹ ਰਿਜ਼ੌਰਟ ਕੌਕਸ ਬਾਜ਼ਾਰ ਦੇ ਪ੍ਰਸਿੱਧ ਸਮੁੰਦਰੀ ਇਲਾਕੇ ਕੋਲਾਤੋਲੀ ਦੇ ਬਾਹਰੀ ਹਿੱਸੇ ਵਿੱਚ ਸਥਿਤ ਹੈ, ਜੋ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਤੋਂ ਲਗਭਗ 410 ਕਿਲੋਮੀਟਰ ਦੂਰ ਹੈ।