ਅਮਰੀਕਾ ’ਚ ਪੰਜਾਬੀ ਨੌਜਵਾਨ ਦੇ ਨਾਂ ’ਤੇ ਬਣਿਆ ਕਾਨੂੰਨ

Top Trending News ਕੌਮਾਂਤਰੀ ਪੰਜਾਬ
  • ਅਮਰੀਕਾ ’ਚ ਪੰਜਾਬੀ ਨੌਜਵਾਨ ਦੇ ਨਾਂ ’ਤੇ ਬਣਿਆ ਕਾਨੂੰਨ

ਨਿਊਯਾਰਕ/ਪਠਾਨਕੋਟ, 23 ਅਕਤੂਬਰ (ਦੇਸ਼ ਕਲਿੱਕ ਬਿਊਰੋ): ਅਮਰੀਕਾ ਵਿੱਚ ਪਠਾਨਕੋਟ ਨਾਲ ਸਬੰਧਤ 18 ਸਾਲਾ ਰੋਮਾਂਚ ਮਹਾਜਨ ਦੇ ਨਾਂ ’ਤੇ ‘ਰੋਮਾਂਚ ਲਾਅ’ ਪਾਸ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਨਿਊਯਾਰਕ ਦੇ ਸੈਂਟਰਲ ਪਾਰਕ ਵਿੱਚ ਘੋੜਾ-ਗੱਡੀ ਨਾਲ ਵਾਪਰੇ ਹਾਦਸੇ ਵਿੱਚ ਰੋਮਾਂਚ ਦੀ ਮੌਤ ਹੋ ਗਈ ਸੀ। ਇਸ ਤੋਂ ਬਾਅਦ ਘੋੜਾ-ਗੱਡੀਆਂ ’ਤੇ ਪਾਬੰਦੀ ਲਗਾਉਣ ਦੀ ਮੰਗ ਨੇ ਜ਼ੋਰ ਫੜਿਆ ਸੀ। ਜਾਣਕਾਰੀ ਅਨੁਸਾਰ, ਨਿਊਯਾਰਕ ਸਿਟੀ ਕੌਂਸਲ ਵਿੱਚ ਇਸ ਕਾਨੂੰਨ ਦੇ ਹੱਕ ਵਿੱਚ 40 ਵੋਟਾਂ ਪਈਆਂ, ਜਦਕਿ 7 ਮੈਂਬਰਾਂ ਨੇ ਵਿਰੋਧ ਕੀਤਾ। ਦੋ ਮੈਂਬਰਾਂ ਨੇ ਵੋਟਿੰਗ ਵਿੱਚ ਹਿੱਸਾ ਨਹੀਂ ਲਿਆ। ਪਹਿਲਾਂ ਇਸ ਬਿੱਲ ਨੂੰ ‘ਰਾਈਡਰ ਲਾਅ’ ਕਿਹਾ ਜਾਂਦਾ ਸੀ।

ਮਾਂ ਨੂੰ ਬਚਾਉਣ ਲਈ ਰੋਮਾਂਚ ਨੇ ਮਾਰੀ ਸੀ ਛਾਲ
ਰੋਮਾਂਚ ਆਪਣੇ ਪਰਿਵਾਰ ਨਾਲ ਅਮਰੀਕਾ ਘੁੰਮਣ ਗਿਆ ਸੀ। 17 ਜੂਨ ਨੂੰ ਨਿਊਯਾਰਕ ਦੇ ਸੈਂਟਰਲ ਪਾਰਕ ਵਿੱਚ ਉਹ ਜਿਸ ਘੋੜਾ-ਗੱਡੀ ਵਿੱਚ ਬੈਠਾ ਸੀ, ਉਸ ਦਾ ਘੋੜਾ ਅਚਾਨਕ ਬਿਦਕ ਗਿਆ। ਇਸ ਦੌਰਾਨ ਉਸ ਦੀ ਮਾਂ ਪ੍ਰਿਆ ਗੱਡੀ ਤੋਂ ਹੇਠਾਂ ਡਿੱਗ ਪਈ। ਮਾਂ ਨੂੰ ਬਚਾਉਣ ਲਈ ਰੋਮਾਂਚ ਨੇ ਵੀ ਗੱਡੀ ਤੋਂ ਛਾਲ ਮਾਰ ਦਿੱਤੀ। ਹਾਦਸੇ ਵਿੱਚ ਪ੍ਰਿਆ ਨੂੰ ਹਲਕੀਆਂ ਸੱਟਾਂ ਲੱਗੀਆਂ, ਪਰ ਰੋਮਾਂਚ ਦੇ ਸਿਰ ’ਤੇ ਗੰਭੀਰ ਸੱਟ ਲੱਗੀ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਕੀ ਹੈ ‘ਰੋਮਾਂਚ ਲਾਅ’ ?
ਇਸ ਬਿੱਲ ਤਹਿਤ ਨਿਊਯਾਰਕ ਵਿੱਚ ਘੋੜਾ-ਗੱਡੀ ਚਾਲਕਾਂ ਨੂੰ ਨਵੇਂ ਲਾਇਸੈਂਸ ਜਾਰੀ ਕਰਨ ’ਤੇ ਤੁਰੰਤ ਰੋਕ ਲਗਾਉਣ ਅਤੇ ਇਸ ਰਵਾਇਤੀ ਉਦਯੋਗ ਨੂੰ ਖ਼ਤਮ ਕਰਨ ਦੀ ਵਿਵਸਥਾ ਹੈ। ਨਿਊਯਾਰਕ ਸਿਟੀ ਕੌਂਸਲ ਦੀ ਸਿਹਤ ਕਮੇਟੀ ਦੀ ਸੁਣਵਾਈ ਦੌਰਾਨ ਰੋਮਾਂਚ ਦੇ ਪਰਿਵਾਰਕ ਮੈਂਬਰਾਂ ਅਤੇ ਐਮੀ ਐਵਾਰਡ ਜੇਤੂ ਅਦਾਕਾਰਾ ਐਡੀ ਫਾਲਕੋ ਸਮੇਤ ਕਈ ਸਮਰਥਕਾਂ ਨੇ ਇਸ ਪਾਬੰਦੀ ਦੇ ਹੱਕ ਵਿੱਚ ਆਵਾਜ਼ ਉਠਾਈ। ਕੌਂਸਲ ਦੀ ਸਪੀਕਰ ਜੂਲੀ ਮੇਨਿਨ ਵੀ ਇਸ ਪਾਬੰਦੀ ਦਾ ਜਨਤਕ ਤੌਰ ’ਤੇ ਸਮਰਥਨ ਕਰਨ ਵਾਲੀ ਪਹਿਲੀ ਮੌਜੂਦਾ ਸਪੀਕਰ ਬਣੀ।

70 ਫ਼ੀਸਦੀ ਲੋਕ ਪਾਬੰਦੀ ਦੇ ਹੱਕ ਵਿੱਚ ਹੋਣ ਦਾ ਦਾਅਵਾ
ਰਿਪੋਰਟਾਂ ਅਨੁਸਾਰ, ਨਿਊਯਾਰਕ ਵਿੱਚ ਕਰਵਾਏ ਗਏ ਕਈ ਸਰਵੇਖਣਾਂ ਵਿੱਚ ਲਗਭਗ 70 ਫ਼ੀਸਦੀ ਲੋਕਾਂ ਨੇ ਘੋੜਾ-ਗੱਡੀ ਉਦਯੋਗ ਬੰਦ ਕਰਨ ਦੇ ਹੱਕ ਵਿੱਚ ਰਾਏ ਦਿੱਤੀ ਹੈ। ਪਾਬੰਦੀ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਘੋੜਿਆਂ ਨੂੰ ਅੱਤ ਦੀ ਗਰਮੀ ਅਤੇ ਠੰਢ ਵਿੱਚ ਕੰਕਰੀਟ ਦੀਆਂ ਸੜਕਾਂ ’ਤੇ ਦੌੜਨਾ ਪੈਂਦਾ ਹੈ, ਜਿਸ ਨਾਲ ਉਨ੍ਹਾਂ ਦੀ ਸਿਹਤ ’ਤੇ ਮਾੜਾ ਅਸਰ ਪੈਂਦਾ ਹੈ। ਇਸ ਤੋਂ ਇਲਾਵਾ, ਘੋੜਾ-ਗੱਡੀਆਂ ਨਾਲ ਵਾਪਰਨ ਵਾਲੇ ਹਾਦਸਿਆਂ ਵਿੱਚ ਘੋੜਿਆਂ ਅਤੇ ਲੋਕਾਂ ਦੀਆਂ ਜਾਨਾਂ ਜਾਣ ਦੇ ਮਾਮਲੇ ਵੀ ਸਾਹਮਣੇ ਆਉਂਦੇ ਰਹੇ ਹਨ।