ਕਾਂਗਰਸ ਨੇ ਚੋਣਾਂ ਦੀ ਖਿੱਚੀ ਤਿਆਰੀ! ਕੇ.ਸੀ. ਵੇਣੂਗੋਪਾਲ 26 ਅਕਤੂਬਰ ਤੋਂ ਪੰਜਾਬ ਦੌਰੇ ’ਤੇ
ਨਵੀਂ ਦਿੱਲੀ/ ਚੰਡੀਗੜ੍ਹ 24 ਅਕਤੂਬਰ 2026:
ਆਲ ਇੰਡੀਆ ਕਾਂਗਰਸ ਕਮੇਟੀ ਦੇ ਜਨਰਲ ਸਕੱਤਰ (ਸੰਗਠਨ) ਕੇ.ਸੀ. ਵੇਣੂਗੋਪਾਲ ਸੋਮਵਾਰ, 26 ਅਕਤੂਬਰ 2026 ਨੂੰ ਪੰਜਾਬ ਦੇ ਦੌਰੇ ’ਤੇ ਆ ਰਹੇ ਹਨ। ਇਸ ਦੌਰਾਨ ਉਹ ਪੰਜਾਬ ਕਾਂਗਰਸ ਦੇ ਸੀਨੀਅਰ ਆਗੂਆਂ ਨਾਲ ਲੜੀਵਾਰ ਬੈਠਕਾਂ ਕਰਕੇ ਸੂਬੇ ਵਿੱਚ ਪਾਰਟੀ ਦੀ ਜਥੇਬੰਦਕ ਸਥਿਤੀ, ਆਗਾਮੀ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਅਤੇ ਪਾਰਟੀ ਦੀ ਭਵਿੱਖੀ ਰਣਨੀਤੀ ਬਾਰੇ ਵਿਚਾਰ-ਵਟਾਂਦਰਾ ਕਰਨਗੇ।
ਪਾਰਟੀ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੇ ਬਿਆਨ ਅਨੁਸਾਰ, ਵੇਣੂਗੋਪਾਲ ਦੇ ਦੌਰੇ ਦਾ ਮੁੱਖ ਉਦੇਸ਼ ਪੰਜਾਬ ਵਿੱਚ ਕਾਂਗਰਸ ਦੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਕਰਨਾ ਅਤੇ ਆਗੂਆਂ ਤੇ ਕਾਰਕੁਨਾਂ ਵਿਚਾਲੇ ਬਿਹਤਰ ਤਾਲਮੇਲ ਕਾਇਮ ਕਰਨਾ ਹੈ। ਬੈਠਕਾਂ ਦੌਰਾਨ ਚੋਣਾਂ ਨੂੰ ਧਿਆਨ ਵਿੱਚ ਰੱਖਦਿਆਂ ਜ਼ਮੀਨੀ ਪੱਧਰ ’ਤੇ ਪਾਰਟੀ ਦੀ ਸਰਗਰਮੀ ਵਧਾਉਣ ਅਤੇ ਕਾਰਕੁਨਾਂ ਨੂੰ ਹੋਰ ਸਰਗਰਮ ਕਰਨ ਸਬੰਧੀ ਵੀ ਵਿਚਾਰ ਕੀਤਾ ਜਾਵੇਗਾ।
ਪਾਰਟੀ ਆਗੂਆਂ ਮੁਤਾਬਕ, ਆਗਾਮੀ ਚੋਣਾਂ ਦੇ ਮੱਦੇਨਜ਼ਰ ਸੰਗਠਨ ਨੂੰ ਮਜ਼ਬੂਤ ਕਰਨਾ ਕਾਂਗਰਸ ਦੀਆਂ ਪ੍ਰਮੁੱਖ ਤਰਜੀਹਾਂ ਵਿੱਚ ਸ਼ਾਮਲ ਹੈ। ਵੇਣੂਗੋਪਾਲ ਦੇ ਦੌਰੇ ਨੂੰ ਇਸੇ ਦਿਸ਼ਾ ਵਿੱਚ ਅਹਿਮ ਕਦਮ ਮੰਨਿਆ ਜਾ ਰਿਹਾ ਹੈ।







