ਵੱਡੀ ਖ਼ਬਰ: ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ DA ‘ਚ 5% ਵਾਧਾ

Top Trending News ਰਾਸ਼ਟਰੀ

 

ਵੱਡੀ ਖ਼ਬਰ: ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ DA ‘ਚ 5% ਵਾਧਾ

ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਦਿੱਤਾ ਦੀਵਾਲੀ ਦਾ ਤੋਹਫ਼ਾ, ਮਹਿੰਗਾਈ ਭੱਤਾ 5 ਫ਼ੀਸਦੀ ਵਧਾਇਆ- ਮੁਲਾਜ਼ਮਾਂ ਵਿੱਚ ਖੁਸ਼ੀ ਦੀ ਲਹਿਰ

ਸ਼ਿਮਲਾ 24 ਅਕਤੂਬਰ 2026

ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਦੀਵਾਲੀ ਤੋਂ ਪਹਿਲਾਂ ਸੂਬੇ ਦੇ ਸਰਕਾਰੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੂੰ ਵੱਡੀ ਰਾਹਤ ਦਿੰਦਿਆਂ ਮਹਿੰਗਾਈ ਭੱਤੇ (DA) ਵਿੱਚ 5 ਫ਼ੀਸਦੀ ਵਾਧੇ ਦਾ ਐਲਾਨ ਕੀਤਾ ਹੈ। ਇਸ ਵਾਧੇ ਨਾਲ ਮਹਿੰਗਾਈ ਭੱਤਾ 45 ਫ਼ੀਸਦੀ ਤੋਂ ਵਧ ਕੇ 50 ਫ਼ੀਸਦੀ ਹੋ ਜਾਵੇਗਾ।

ਮੁੱਖ ਮੰਤਰੀ ਨੇ ਦੱਸਿਆ ਕਿ ਵਧਿਆ ਹੋਇਆ ਮਹਿੰਗਾਈ ਭੱਤਾ ਅਕਤੂਬਰ ਮਹੀਨੇ ਦੀ ਤਨਖ਼ਾਹ ਨਾਲ ਮਿਲੇਗਾ, ਜਿਸ ਦੀ ਅਦਾਇਗੀ ਨਵੰਬਰ ਵਿੱਚ ਕੀਤੀ ਜਾਵੇਗੀ। ਇਸ ਵਾਧੇ ਵਿੱਚ 1 ਫ਼ੀਸਦੀ ਵਾਧਾ 1 ਜੁਲਾਈ 2023 ਤੋਂ ਅਤੇ 4 ਫ਼ੀਸਦੀ ਵਾਧਾ 1 ਜਨਵਰੀ 2024 ਤੋਂ ਲਾਗੂ ਹੋਵੇਗਾ।

ਹਾਲਾਂਕਿ, 1 ਜੁਲਾਈ 2023 ਤੋਂ 30 ਸਤੰਬਰ 2026 ਤੱਕ ਦੇ ਬਕਾਏ ਦੀ ਅਦਾਇਗੀ ਸਬੰਧੀ ਵਿੱਤ ਵਿਭਾਗ ਵੱਲੋਂ ਵੱਖਰੇ ਹੁਕਮ ਜਾਰੀ ਕੀਤੇ ਜਾਣਗੇ।

ਇਸ ਤੋਂ ਇਲਾਵਾ ਸਰਕਾਰ ਨੇ ਚੌਥਾ ਦਰਜਾ ਮੁਲਾਜ਼ਮਾਂ ਲਈ ਵੀ ਰਾਹਤ ਦਾ ਐਲਾਨ ਕੀਤਾ ਹੈ। ਨਿਯਮਤ ਗਰੁੱਪ-ਡੀ ਮੁਲਾਜ਼ਮਾਂ ਨੂੰ ਛੇਵੇਂ ਤਨਖ਼ਾਹ ਸੋਧ ਦੇ ਬਕਾਏ ਵਜੋਂ ਨਵੰਬਰ ਵਿੱਚ 10 ਹਜ਼ਾਰ ਰੁਪਏ ਨਕਦ ਦਿੱਤੇ ਜਾਣਗੇ। ਇਹ ਬਕਾਇਆ 1 ਜਨਵਰੀ 2016 ਤੋਂ ਲਾਗੂ ਤਨਖ਼ਾਹ ਸੋਧ ਨਾਲ ਸਬੰਧਤ ਹੈ।