1984 ਸਿੱਖ ਕਤਲੇਆਮ ਦੀ ਯਾਦ ’ਚ 1 ਨਵੰਬਰ ਨੂੰ ਰੈਲੀ ਨਾ ਕਰੇ ਕਾਂਗਰਸ: ਐਡਵੋਕੇਟ ਧਾਮੀ

Top Trending News ਪੰਜਾਬ

 

1984 ਸਿੱਖ ਕਤਲੇਆਮ ਦੀ ਯਾਦ ’ਚ 1 ਨਵੰਬਰ ਨੂੰ ਰੈਲੀ ਨਾ ਕਰੇ ਕਾਂਗਰਸ: ਐਡਵੋਕੇਟ ਧਾਮੀ

ਤਲਵੰਡੀ ਸਾਬੋ (ਬਠਿੰਡਾ), 25 ਅਕਤੂਬਰ 2026: ਕਾਂਗਰਸ ਵੱਲੋਂ ਰਾਹੁਲ ਗਾਂਧੀ ਦੀ ਅਗਵਾਈ ਹੇਠ 1 ਨਵੰਬਰ ਨੂੰ ਦਿੱਲੀ ਵਿਖੇ ਕੀਤੀ ਜਾ ਰਹੀ ‘ਵੋਟ ਬਚਾਓ, ਦੇਸ਼ ਬਚਾਓ’ ਰੈਲੀ ਨੂੰ ਲੈ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਇਤਰਾਜ਼ ਜਤਾਇਆ ਹੈ। ਉਨ੍ਹਾਂ ਕਾਂਗਰਸ ਨੂੰ ਇਸ ਦਿਨ ਰੈਲੀ ਕਰਨ ਤੋਂ ਗੁਰੇਜ਼ ਕਰਨ ਦੀ ਅਪੀਲ ਕੀਤੀ।

ਤਲਵੰਡੀ ਸਾਬੋ ਵਿਖੇ ਗੱਲਬਾਤ ਕਰਦਿਆਂ ਐਡਵੋਕੇਟ ਧਾਮੀ ਨੇ ਕਿਹਾ ਕਿ ਨਵੰਬਰ 1984 ਵਿੱਚ ਦਿੱਲੀ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਹੋਏ ਸਿੱਖ ਕਤਲੇਆਮ ਦੀ ਯਾਦ ਸਿੱਖ ਕੌਮ ਦੇ ਮਨਾਂ ਵਿੱਚ ਅੱਜ ਵੀ ਤਾਜ਼ਾ ਹੈ। ਉਨ੍ਹਾਂ ਕਿਹਾ ਕਿ ਹਰ ਸਾਲ 1 ਨਵੰਬਰ ਨੂੰ ਕਤਲੇਆਮ ਦੇ ਪੀੜਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਂਦੀ ਹੈ ਅਤੇ ਇਸ ਦੁਖਾਂਤ ਨਾਲ ਜੁੜੇ ਜ਼ਖ਼ਮ ਅਜੇ ਵੀ ਮਹਿਸੂਸ ਕੀਤੇ ਜਾਂਦੇ ਹਨ।

ਧਾਮੀ ਨੇ ਕਾਂਗਰਸ ਨੂੰ ਅਪੀਲ ਕੀਤੀ ਕਿ ਉਹ ਇਤਿਹਾਸ ਦੀਆਂ ਗਲਤੀਆਂ ਤੋਂ ਸਬਕ ਲੈਂਦਿਆਂ ਸਿੱਖ ਭਾਵਨਾਵਾਂ ਦਾ ਸਤਿਕਾਰ ਕਰੇ ਅਤੇ ਰੈਲੀ ਦੀ ਤਰੀਕ ਬਦਲਣ ਬਾਰੇ ਵਿਚਾਰ ਕਰੇ। ਉਨ੍ਹਾਂ ਕਿਹਾ ਕਿ ਜੂਨ ਅਤੇ ਨਵੰਬਰ ਦੇ ਮਹੀਨੇ ਸਿੱਖ ਕੌਮ ਲਈ ਡੂੰਘੇ ਦੁੱਖ ਦੀ ਯਾਦ ਦਿਵਾਉਂਦੇ ਹਨ। ਇਸ ਮੌਕੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਬਾਬਾ ਟੇਕ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਮੋਹਨ ਸਿੰਘ ਬੰਗੀ ਅਤੇ ਹੋਰ ਅਧਿਕਾਰੀ ਤੇ ਮੈਂਬਰ ਵੀ ਮੌਜੂਦ ਸਨ।