ਖੇਤੀਬਾੜੀ ਅਫ਼ਸਰ ਹੋਵੇ ਤਾਂ ਅਜਿਹਾ..! ਖੇਤਾਂ ‘ਚ ਲੱਗੀ ਅੱਗ ਨੂੰ ਖ਼ੁਦ ਮੌਕੇ ‘ਤੇ ਪਹੁੰਚ ਕੇ ਬੁਝਾਇਆ

Top Trending News ਪੰਜਾਬ

 

ਖੇਤੀਬਾੜੀ ਅਫ਼ਸਰ ਹੋਵੇ ਤਾਂ ਅਜਿਹਾ..! ਖੇਤਾਂ ‘ਚ ਲੱਗੀ ਅੱਗ ਨੂੰ ਖ਼ੁਦ ਮੌਕੇ ‘ਤੇ ਪਹੁੰਚ ਕੇ ਬੁਝਾਇਆ

ਗੁਰਦਾਸਪੁਰ, 2 ਨਵੰਬਰ 2026-

ਡਿਪਟੀ ਕਮਿਸ਼ਨਰ ਗੁਰਦਾਸਪੁਰ ਆਦਿਤਿਆ ਉੱਪਲ ਦੀ ਅਗਵਾਈ ਹੇਠ ਖੇਤੀਬਾੜੀ ਵਿਭਾਗ ਵਲੋਂ ਝੋਨੇ ਦੀ ਫਸਲ ਦੀ ਰਹਿੰਦ ਖੂੰਹਦ ਨੂੰ ਨਾ ਸਾੜਨ ਲਈ ਵਿਆਪਕ ਪੱਧਰ ‘ਤੇ ਮੁਹਿੰਮ ਨਿਰੰਤਰ ਜਾਰੀ ਹੈ।

ਮੁੱਖ ਖੇਤੀਬਾੜੀ ਅਫਸਰ ਗੁਰਦਾਸਪੁਰ ਡਾ. ਸ਼ਹਿਬਾਜ਼ ਸਿੰਘ ਚੀਮਾ ਨੇ ਦੱਸਿਆ ਉਨ੍ਹਾਂ ਵਲੋਂ ਸਿਵਲ ਤੇ ਪੁਲਿਸ ਵਿਭਾਗ ਦੀਆਂ ਟੀਮਾਂ ਨਾਲ ਜ਼ਿਲ੍ਹੇ ਦੇ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ਜਾ ਰਿਹਾ ਹੈ ਅਤੇ ਅੱਜ ਕਾਹਨੂੰਵਾਨ, ਧਾਰੀਵਾਲ, ਕਾਦੀਆਂ ਤੇ ਬਟਾਲਾ ਖੇਤਰ ਦਾ ਦੌਰਾ ਕੀਤਾ ਗਿਆ ਅਤੇ ਰਸਤੇ ਵਿੱਚ ਖੇਤ ਵਿੱਚ ਲੱਗੀ ਅੱਗ ਨੂੰ ਮੌਕੇ ‘ਤੇ ਬੁਝਾਇਆ ਗਿਆ।

ਮੁੱਖ ਖੇਤੀਬਾੜੀ ਅਫਸਰ ਗੁਰਦਾਸਪੁਰ ਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵਲੋਂ ਪਰਾਲੀ ਨਾ ਸਾੜਨ ਦੀ ਮੁਹਿੰਮ ਨਿਰੰਤਰ ਜਾਰੀ ਹੈ ਅਤੇ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਲਈ 118 ਰੇਕ ਬੇਲਰ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਦੱਸਿਆ ਕਿ ਪਰਾਲੀ ਦੀ ਸਾਂਭ ਸੰਭਾਲ ਲਈ ਜਿਲ੍ਹੇ ਵਿੱਚ ਲੋੜੀਂਦੀ ਮਸ਼ੀਨਰੀ ਉਪਲੱਬਧ ਹੈ। ਪਰਾਲੀ ਦੀ ਸੁਚੱਜੀ ਸਾਂਭ ਸੰਭਾਲ ਲਈ 1647 ਖੇਤੀ ਸੰਦ ਮੁਹੱਈਆ ਕਰਵਾਏ ਗਏ ਹਨ, ਜਿਸ ਵਿੱਚ 1430 ਸੁਪਰ ਸੀਡਰ ਵੀ ਸ਼ਾਮਿਲ ਹਨ।

ਉਨ੍ਹਾਂ ਦੱਸਿਆ ਕਿ ਪਰਾਲੀ ਦੇ ਪ੍ਰਬੰਧਨ ਲਈ ਬੇਲਰ, ਸੁਪਰ ਸੀਡਰ, ਹੈਪੀ ਸੀਡਰ, ਜ਼ੀਰੋ ਡ੍ਰਿੱਲ ਆਦਿ ਆਧੁਨਿਕ ਖੇਤੀ ਮਸ਼ੀਨਰੀ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ। ਇਨ੍ਹਾਂ ਮਸ਼ੀਨਾਂ ਦੀ ਮਦਦ ਨਾਲ ਪਰਾਲੀ ਦਾ ਸੁਚੱਜਾ ਪ੍ਰਬੰਧਨ ਕਰਨ ਉਪਰੰਤ ਕਣਕ ਦੀ ਬਿਜਾਈ ਸਮੇਂ ਸਿਰ ਅਤੇ ਵਾਤਾਵਰਣ ਪੱਖੀ ਢੰਗ ਨਾਲ ਕੀਤੀ ਜਾ ਸਕਦੀ ਹੈ।