ਚੱਕਰਵਾਤੀ ਤੂਫ਼ਾਨ ਦਾ ਕਹਿਰ; 120 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲੀਆਂ ਹਵਾਵਾਂ
ਆਂਧਰਾ ਪ੍ਰਦੇਸ਼ 3 ਨਵੰਬਰ 2026
ਚੱਕਰਵਾਤੀ ਤੂਫ਼ਾਨ ‘ਅਰਨਬ’ ਤੋਂ ਬਾਅਦ ਹੁਣ ‘ਮੁਰਾਸੂ’ ਤੂਫ਼ਾਨ ਨੇ ਆਂਧਰਾ ਪ੍ਰਦੇਸ਼ ਵਿੱਚ ਦਸਤਕ ਦੇ ਦਿੱਤੀ ਹੈ। ਇਹ ਤੂਫ਼ਾਨ ਦੇਰ ਰਾਤ ਕਰੀਬ 1 ਵਜੇ ਸੂਬੇ ਦੇ ਤੱਟ ਨਾਲ ਟਕਰਾਇਆ। ਮੌਸਮ ਵਿਭਾਗ ਮੁਤਾਬਕ ਤੂਫ਼ਾਨ ਦਾ ਲੈਂਡਫਾਲ ਅਗਲੇ 2 ਤੋਂ 3 ਘੰਟਿਆਂ ਤੱਕ ਜਾਰੀ ਰਹਿਣ ਦੀ ਸੰਭਾਵਨਾ ਹੈ।
ਤੂਫ਼ਾਨ ਨੇ ਪ੍ਰਕਾਸ਼ਮ ਜ਼ਿਲ੍ਹੇ ਵਿੱਚ ਓਂਗੋਲ ਨੇੜੇ ਤੱਟ ਨਾਲ ਟਕਰਾਇਆ। ਲੈਂਡਫਾਲ ਸਮੇਂ ਇਸ ਦਾ ਕੇਂਦਰ ਓਂਗੋਲ ਤੋਂ 40 ਕਿਲੋਮੀਟਰ ਦੱਖਣ-ਪੂਰਬ, ਕਵਾਲੀ ਤੋਂ 60 ਕਿਲੋਮੀਟਰ ਉੱਤਰ-ਪੂਰਬ ਅਤੇ ਬਾਪਟਲਾ ਤੋਂ 70 ਕਿਲੋਮੀਟਰ ਦੱਖਣ ਵੱਲ ਸੀ।
ਭਾਰਤੀ ਮੌਸਮ ਵਿਭਾਗ (IMD) ਅਨੁਸਾਰ ਤੂਫ਼ਾਨ ਦੇ ਪ੍ਰਭਾਵ ਕਾਰਨ ਬਾਪਟਲਾ, ਕ੍ਰਿਸ਼ਨਾ ਅਤੇ ਪ੍ਰਕਾਸ਼ਮ ਜ਼ਿਲ੍ਹਿਆਂ ਵਿੱਚ 120 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲ ਰਹੀਆਂ ਹਨ। ਕਈ ਇਲਾਕਿਆਂ ਵਿੱਚ ਭਾਰੀ ਮੀਂਹ ਪੈ ਰਿਹਾ ਹੈ ਅਤੇ ਸਮੁੰਦਰ ਵਿੱਚ ਲਗਭਗ ਡੇਢ ਫੁੱਟ ਉੱਚੀਆਂ ਲਹਿਰਾਂ ਉੱਠ ਰਹੀਆਂ ਹਨ।
ਇਸ ਕਾਰਨ ਆਂਧਰਾ ਪ੍ਰਦੇਸ਼ ਦੇ ਨੀਵੇਂ ਇਲਾਕਿਆਂ ਵਿੱਚ ਹੜ੍ਹਾਂ ਦਾ ਖ਼ਤਰਾ ਵਧ ਗਿਆ ਹੈ। ਤਾਮਿਲਨਾਡੂ ਅਤੇ ਪੁਡੂਚੇਰੀ ਵਿੱਚ ਵੀ ਭਾਰੀ ਮੀਂਹ ਪੈ ਰਿਹਾ ਹੈ। ਦੱਖਣੀ ਆਂਧਰਾ ਪ੍ਰਦੇਸ਼ ਦੇ ਤੱਟਵਰਤੀ ਇਲਾਕਿਆਂ ਵਿੱਚ ਅਗਲੇ 12 ਘੰਟਿਆਂ ਦੌਰਾਨ ਵੀ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਨੇ ਤਿੰਨਾਂ ਸੂਬਿਆਂ ਵਿੱਚ ਬੁੱਧਵਾਰ ਸਵੇਰ ਤੱਕ ਮੌਸਮ ਖ਼ਰਾਬ ਰਹਿਣ ਦੀ ਚਿਤਾਵਨੀ ਦਿੱਤੀ ਹੈ।







