- ਅੰਮ੍ਰਿਤਪਾਲ ਸਿੰਘ ਨੂੰ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਦਿੱਲੀ ਲਿਆਂਦਾ ਗਿਆ, ਕੱਲ੍ਹ ਪਹੁੰਚਣਗੇ ਅੰਮ੍ਰਿਤਸਰ
- ਦਾਦੀ ਦੇ ਅੰਤਿਮ ਸੰਸਕਾਰ ‘ਚ ਸ਼ਾਮਲ ਹੋਣ ਲਈ ਮਿਲੀ 3 ਘੰਟੇ ਦੀ ਕਸਟਡੀ ਪੈਰੋਲ
- ਪਰਿਵਾਰ ਨੇ ਪੁਲਿਸ ਨੂੰ ਜਮ੍ਹਾਂ ਕਰਵਾਏ 10 ਲੱਖ ਰੁਪਏ
ਨਵੀਂ ਦਿੱਲੀ, 20 ਨਵੰਬਰ (ਦੇਸ਼ ਕਲਿੱਕ ਬਿਊਰੋ): ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਪੁਲਿਸ ਦੀ ਟੀਮ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਦਿੱਲੀ ਲੈ ਕੇ ਪਹੁੰਚ ਗਈ ਹੈ। ਉਨ੍ਹਾਂ ਨੂੰ ਦਿੱਲੀ ਦੇ ਇੱਕ ਸੇਫ ਹਾਊਸ ਵਿੱਚ ਰੱਖਿਆ ਗਿਆ ਹੈ। 21 ਨਵੰਬਰ ਨੂੰ ਉਨ੍ਹਾਂ ਨੂੰ ਅੰਮ੍ਰਿਤਸਰ ਲਿਆਂਦਾ ਜਾਵੇਗਾ, ਜਿੱਥੇ ਉਹ ਆਪਣੇ ਪਿੰਡ ਜੱਲੂਪੁਰ ਖੇੜਾ ਵਿੱਚ ਦਾਦੀ ਚਰਨ ਕੌਰ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣਗੇ। ਤੈਅ ਪ੍ਰੋਗਰਾਮ ਮੁਤਾਬਕ ਸਵੇਰੇ 7:15 ਵਜੇ ਦਿੱਲੀ ਤੋਂ ਉਡਾਣ ਅੰਮ੍ਰਿਤਸਰ ਲਈ ਰਵਾਨਾ ਹੋਵੇਗੀ ਅਤੇ ਸਵੇਰੇ 8:30 ਵਜੇ ਹਵਾਈ ਅੱਡੇ ‘ਤੇ ਪਹੁੰਚੇਗੀ। ਅਦਾਲਤ ਵੱਲੋਂ ਦਿੱਤੀ ਗਈ ਕਸਟਡੀ ਪੈਰੋਲ ਤਹਿਤ ਅੰਮ੍ਰਿਤਪਾਲ ਸਿੰਘ ਦੁਪਹਿਰ 12 ਤੋਂ 3 ਵਜੇ ਤੱਕ ਹੀ ਅੰਤਿਮ ਸਸਕਾਰ ਵਿੱਚ ਸ਼ਾਮਲ ਹੋ ਸਕਣਗੇ।
ਸੁਰੱਖਿਆ ਕਾਰਨਾਂ ਕਰਕੇ ਤੁਰੰਤ ਵਾਪਸ ਲਿਜਾਣ ਦੀ ਛੋਟ
ਅਦਾਲਤ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਅੰਤਿਮ ਸੰਸਕਾਰ ਦੌਰਾਨ ਕਾਨੂੰਨ-ਵਿਵਸਥਾ ਵਿਗੜਦੀ ਹੈ ਜਾਂ ਕਿਸੇ ਅਣਸੁਖਾਵੀਂ ਘਟਨਾ ਦਾ ਖ਼ਦਸ਼ਾ ਪੈਦਾ ਹੁੰਦਾ ਹੈ ਤਾਂ ਪੁਲਿਸ ਉਨ੍ਹਾਂ ਨੂੰ ਤੁਰੰਤ ਉੱਥੋਂ ਹਟਾ ਸਕਦੀ ਹੈ। ਲੋੜ ਪੈਣ ‘ਤੇ ਉਨ੍ਹਾਂ ਨੂੰ ਪੈਰੋਲ ਦੀ ਮਿਆਦ ਖ਼ਤਮ ਹੋਣ ਤੋਂ ਪਹਿਲਾਂ ਹੀ ਪੰਜਾਬ ਤੋਂ ਬਾਹਰ ਵੀ ਲਿਜਾਇਆ ਜਾ ਸਕਦਾ ਹੈ।
ਪੁਲਿਸ ਨੂੰ ਜਮ੍ਹਾਂ ਕਰਵਾਏ 10 ਲੱਖ ਰੁਪਏ
ਅੰਮ੍ਰਿਤਪਾਲ ਸਿੰਘ ਨੂੰ ਅਸਾਮ ਤੋਂ ਪੰਜਾਬ ਲਿਆਉਣ ਅਤੇ ਵਾਪਸ ਲਿਜਾਣ ਦੇ ਖਰਚੇ ਵਜੋਂ ਪਰਿਵਾਰ ਨੇ ਪੁਲਿਸ ਦੇ ਸਰਕਾਰੀ ਖਾਤੇ ਵਿੱਚ 10 ਲੱਖ ਰੁਪਏ ਜਮ੍ਹਾਂ ਕਰਵਾਏ ਹਨ। ਇਸ ਵਿੱਚੋਂ 7.84 ਲੱਖ ਰੁਪਏ ਹਵਾਈ ਟਿਕਟਾਂ ‘ਤੇ ਖਰਚ ਹੋਣਗੇ। ਇਨ੍ਹਾਂ ਟਿਕਟਾਂ ਵਿੱਚ ਅੰਮ੍ਰਿਤਪਾਲ ਸਿੰਘ ਅਤੇ ਪੰਜ ਪੁਲਿਸ ਮੁਲਾਜ਼ਮਾਂ ਦਾ ਆਉਣ-ਜਾਣ ਦਾ ਖਰਚਾ ਸ਼ਾਮਲ ਹੈ।
ਪੁਲਿਸ ਨੇ ਤਿੰਨ ਦਿਨ ਦੀ ਸੁਰੱਖਿਆ ਦੇਣ ਤੋਂ ਕੀਤੀ ਸੀ ਅਸਮਰੱਥਾ ਜ਼ਾਹਰ
ਪਹਿਲਾਂ ਅੰਮ੍ਰਿਤਪਾਲ ਸਿੰਘ ਲਈ ਤਿੰਨ ਦਿਨ ਦੀ ਕਸਟਡੀ ਪੈਰੋਲ ਦੀ ਮੰਗ ਕੀਤੀ ਗਈ ਸੀ, ਪਰ ਪੰਜਾਬ ਪੁਲਿਸ ਨੇ ਲੰਬੇ ਸਮੇਂ ਤੱਕ ਸੁਰੱਖਿਆ ਪ੍ਰਬੰਧ ਕਰਨ ਵਿੱਚ ਮੁਸ਼ਕਲ ਜ਼ਾਹਰ ਕੀਤੀ। ਇਸ ਤੋਂ ਬਾਅਦ ਅਦਾਲਤ ਨੇ ਸਿਰਫ਼ ਤਿੰਨ ਘੰਟਿਆਂ ਦੀ ਕਸਟਡੀ ਪੈਰੋਲ ਮਨਜ਼ੂਰ ਕੀਤੀ।
ਮਾਂ ਨੇ ਕਿਹਾ- ਅਦਾਲਤ ਦੇ ਫੈਸਲੇ ਦਾ ਸਨਮਾਨ ਕਰਦੇ ਹਾਂ
ਅੰਮ੍ਰਿਤਪਾਲ ਸਿੰਘ ਦੀ ਮਾਤਾ ਬਲਵਿੰਦਰ ਕੌਰ ਨੇ ਕਿਹਾ ਕਿ ਪਰਿਵਾਰ ਅਦਾਲਤ ਦੇ ਫੈਸਲੇ ਦਾ ਸਨਮਾਨ ਕਰਦਾ ਹੈ। ਉਨ੍ਹਾਂ ਦੱਸਿਆ ਕਿ ਅੰਮ੍ਰਿਤਪਾਲ ਨੂੰ ਪਹਿਲਾਂ ਘਰ ਲਿਆਂਦਾ ਜਾਵੇਗਾ ਅਤੇ ਫਿਰ ਉਹ ਦਾਦੀ ਦੇ ਅੰਤਿਮ ਸਸਕਾਰ ਵਿੱਚ ਸ਼ਾਮਲ ਹੋਣਗੇ। ਇਸ ਦੌਰਾਨ ਉਹ ਕਿਸੇ ਹੋਰ ਵਿਅਕਤੀ ਨੂੰ ਨਹੀਂ ਮਿਲ ਸਕਣਗੇ।
ਪਿੰਡ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ
ਅੰਮ੍ਰਿਤਸਰ ਦਿਹਾਤੀ ਦੇ ਐੱਸਐੱਸਪੀ ਕੰਵਲਪ੍ਰੀਤ ਸਿੰਘ ਨੇ ਦੱਸਿਆ ਕਿ ਅੰਤਿਮ ਸੰਸਕਾਰ ਲਈ ਪੁਲਿਸ, ਡੀਐੱਸਪੀ, ਐੱਸਪੀ ਅਤੇ ਸੁਰੱਖਿਆ ਸ਼ਾਖਾ ਦੀਆਂ ਟੀਮਾਂ ਤਾਇਨਾਤ ਰਹਿਣਗੀਆਂ। ਨਾਗੋਕੇ ਅਤੇ ਰਈਆ ਮਾਰਗਾਂ ‘ਤੇ ਵੀ ਪੁਲਿਸ ਦਾ ਪਹਿਰਾ ਰਹੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਵਿਅਕਤੀ ਹਥਿਆਰ ਲੈ ਕੇ ਨਾ ਆਵੇ ਅਤੇ ਸ਼ਾਂਤੀ ਬਣਾਈ ਰੱਖੇ। ਕਸਟਡੀ ਪੈਰੋਲ ਖ਼ਤਮ ਹੋਣ ਤੋਂ ਬਾਅਦ ਦੁਪਹਿਰ 3 ਵਜੇ ਅੰਮ੍ਰਿਤਸਰ ਦਿਹਾਤੀ ਪੁਲਿਸ ਉਨ੍ਹਾਂ ਨੂੰ ਹਵਾਈ ਅੱਡੇ ਲੈ ਕੇ ਜਾਵੇਗੀ। ਸ਼ਾਮ 6:35 ਵਜੇ ਉਡਾਣ ਦਿੱਲੀ ਲਈ ਰਵਾਨਾ ਹੋਵੇਗੀ ਅਤੇ ਰਾਤ 7:50 ਵਜੇ ਉੱਥੇ ਪਹੁੰਚੇਗੀ।





