- ਰਾਈਜ਼ਿੰਗ ਸਟਾਰਸ ਏਸ਼ੀਆ ਕੱਪ: ਭਾਰਤ-A ਨੇ ਨੇਪਾਲ ਨੂੰ 306 ਦੌੜਾਂ ਨਾਲ ਹਰਾਇਆ
- ਕੁਮਾਰ ਕੁਸ਼ਾਗਰਾ ਅਤੇ ਤਿਲਕ ਵਰਮਾ ਨੇ ਜੜੇ ਸੈਂਕੜੇ
- ਪ੍ਰਿੰਸ ਯਾਦਵ ਨੇ 5 ਅਤੇ ਹਰਸ਼ਿਤ ਰਾਣਾ ਨੇ ਝਟਕੀਆਂ 4 ਵਿਕਟਾਂ
ਚੰਡੀਗੜ੍ਹ, 20 ਨਵੰਬਰ (ਦੇਸ਼ ਕਲਿੱਕ ਬਿਊਰੋ): ਦੋਹਾ ਵਿੱਚ ਖੇਡੇ ਜਾ ਰਹੇ ਰਾਈਜ਼ਿੰਗ ਸਟਾਰਸ ਏਸ਼ੀਆ ਕੱਪ ਵਿੱਚ ਭਾਰਤ-A ਨੇ ਨੇਪਾਲ ਨੂੰ 306 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ। ਸ਼ੁੱਕਰਵਾਰ ਨੂੰ ਖੇਡੇ ਗਏ ਮੁਕਾਬਲੇ ਵਿੱਚ ਟਾਸ ਜਿੱਤ ਕੇ ਨੇਪਾਲ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਭਾਰਤ-A ਨੇ ਨਿਰਧਾਰਤ 50 ਓਵਰਾਂ ਵਿੱਚ 9 ਵਿਕਟਾਂ ਦੇ ਨੁਕਸਾਨ ‘ਤੇ 332 ਦੌੜਾਂ ਬਣਾਈਆਂ।
ਭਾਰਤ ਵੱਲੋਂ ਕੁਮਾਰ ਕੁਸ਼ਾਗਰਾ ਨੇ 117 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਉਨ੍ਹਾਂ ਨੇ 10 ਚੌਕੇ ਅਤੇ 5 ਛੱਕੇ ਲਗਾਏ। ਤਿਲਕ ਵਰਮਾ ਨੇ ਵੀ 107 ਦੌੜਾਂ ਬਣਾਈਆਂ, ਜਿਸ ਵਿੱਚ 6 ਚੌਕੇ ਅਤੇ 4 ਛੱਕੇ ਸ਼ਾਮਲ ਸਨ। ਇਸ ਤੋਂ ਇਲਾਵਾ ਵੈਭਵ ਸੂਰਿਆਵੰਸ਼ੀ ਨੇ 26 ਅਤੇ ਸੂਰਿਆਂਸ਼ ਸ਼ੇਡਗੇ ਨੇ ਨਾਬਾਦ 36 ਦੌੜਾਂ ਦਾ ਯੋਗਦਾਨ ਪਾਇਆ।
333 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਨੇਪਾਲ ਦੀ ਟੀਮ ਭਾਰਤੀ ਗੇਂਦਬਾਜ਼ਾਂ ਅੱਗੇ ਟਿਕ ਨਹੀਂ ਸਕੀ ਅਤੇ 11.3 ਓਵਰਾਂ ਵਿੱਚ ਸਿਰਫ਼ 26 ਦੌੜਾਂ ‘ਤੇ ਆਲ ਆਊਟ ਹੋ ਗਈ। ਨੇਪਾਲ ਦਾ ਕੋਈ ਵੀ ਬੱਲੇਬਾਜ਼ ਦੋਹਰੇ ਅੰਕ ਤੱਕ ਨਹੀਂ ਪਹੁੰਚ ਸਕਿਆ। ਭਾਰਤ ਵੱਲੋਂ ਪ੍ਰਿੰਸ ਯਾਦਵ ਨੇ 5 ਓਵਰਾਂ ਵਿੱਚ ਸਿਰਫ਼ 6 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ, ਜਦਕਿ ਹਰਸ਼ਿਤ ਰਾਣਾ ਨੇ 6 ਓਵਰਾਂ ਵਿੱਚ 16 ਦੌੜਾਂ ਦੇ ਕੇ 4 ਵਿਕਟਾਂ ਝਟਕੀਆਂ। ਸ਼ਾਹਬਾਜ਼ ਅਹਿਮਦ ਨੂੰ ਇੱਕ ਵਿਕਟ ਮਿਲੀ।
22 ਨਵੰਬਰ ਨੂੰ ਭਾਰਤ-ਪਾਕਿਸਤਾਨ ਵਿਚਾਲੇ ਮੁਕਾਬਲਾ
ਇਸ ਜਿੱਤ ਨਾਲ ਭਾਰਤ-A ਗਰੁੱਪ-B ਦੀ ਅੰਕ ਸੂਚੀ ਵਿੱਚ ਪਹਿਲੇ ਸਥਾਨ ‘ਤੇ ਪਹੁੰਚ ਗਿਆ ਹੈ। ਭਾਰਤ ਅਤੇ ਪਾਕਿਸਤਾਨ ਦੋਵਾਂ ਦੇ 2-2 ਅੰਕ ਹਨ, ਪਰ ਬਿਹਤਰ ਰਨ ਰੇਟ ਕਾਰਨ ਭਾਰਤੀ ਟੀਮ ਸਿਖਰ ‘ਤੇ ਹੈ। ਭਾਰਤ ਦਾ ਅਗਲਾ ਮੁਕਾਬਲਾ 22 ਨਵੰਬਰ ਨੂੰ ਪਾਕਿਸਤਾਨ ਨਾਲ ਹੋਵੇਗਾ। ਇਹ ਮੈਚ ਦੋਹਾ ਵਿੱਚ ਦੁਪਹਿਰ 3:30 ਵਜੇ ਖੇਡਿਆ ਜਾਵੇਗਾ।





