ਇੰਡੋਨੇਸ਼ੀਆ ’ਚ ਭਿਆਨਕ ਰੇਲ ਹਾਦਸਾ: ਟਰੇਨ ਦੀ ਮਿੰਨੀ ਬੱਸ ਨਾਲ ਟੱਕਰ, ਡਰਾਈਵਰ ਦੀ ਮੌਤ; 264 ਯਾਤਰੀ ਵਾਲ-ਵਾਲ ਬਚੇ
ਇੰਡੋਨੇਸ਼ੀਆ 21 ਨਵੰਬਰ 2026
ਇੰਡੋਨੇਸ਼ੀਆ ਦੇ ਉੱਤਰੀ ਸੁਮਾਤਰਾ ਸੂਬੇ ਵਿੱਚ ਸ਼ੁੱਕਰਵਾਰ ਨੂੰ ਇੱਕ ਭਿਆਨਕ ਰੇਲ ਹਾਦਸਾ ਵਾਪਰ ਗਿਆ। ਮੇਦਾਨ ਤੋਂ ਪੇਮਾਤਾਂਗ ਸਿਆਂਤਾਰ ਜਾ ਰਹੀ ਸਿਆਂਤਾਰ ਐਕਸਪ੍ਰੈੱਸ ਰੇਲਗੱਡੀ ਦੀ ਇੱਕ ਮਿੰਨੀ ਬੱਸ ਨਾਲ ਟੱਕਰ ਹੋ ਗਈ। ਇਹ ਹਾਦਸਾ ਬਿਨਾਂ ਸੁਰੱਖਿਆ ਫਾਟਕ ਵਾਲੇ ਰੇਲਵੇ ਕ੍ਰਾਸਿੰਗ ’ਤੇ ਵਾਪਰਿਆ। ਹਾਦਸੇ ਵਿੱਚ ਮਿੰਨੀ ਬੱਸ ਦੇ ਚਾਲਕ ਦੀ ਮੌਤ ਹੋ ਗਈ, ਜਦਕਿ ਰੇਲਗੱਡੀ ਦੇ ਦੋ ਡਰਾਈਵਰਾਂ ਸਮੇਤ ਤਿੰਨ ਕਰਮਚਾਰੀ ਜ਼ਖ਼ਮੀ ਹੋ ਗਏ।
ਹਾਦਸੇ ਦੌਰਾਨ ਟੱਕਰ ਇੰਨੀ ਜ਼ਬਰਦਸਤ ਸੀ ਕਿ ਮਿੰਨੀ ਬੱਸ ਰੇਲਗੱਡੀ ਨਾਲ ਟਕਰਾਉਣ ਤੋਂ ਬਾਅਦ ਕਈ ਮੀਟਰ ਤੱਕ ਘੜੀਸਦੀ ਚਲੀ ਗਈ। ਇਸ ਦੌਰਾਨ ਰੇਲਗੱਡੀ ਦੇ ਇੰਜਣ ਵਿੱਚੋਂ ਚੰਗਿਆੜੀਆਂ ਨਿਕਲੀਆਂ ਅਤੇ ਅੱਗ ਲੱਗ ਗਈ। ਹਾਲਾਂਕਿ ਰਾਹਤ ਦੀ ਗੱਲ ਰਹੀ ਕਿ ਰੇਲਗੱਡੀ ਵਿੱਚ ਸਵਾਰ ਸਾਰੇ 264 ਯਾਤਰੀ ਸੁਰੱਖਿਅਤ ਬਚ ਗਏ।
ਇੰਡੋਨੇਸ਼ੀਆ ਦੀ ਰੇਲਵੇ ਕੰਪਨੀ ਪੀਟੀ ਕੇਰਟਾ ਆਪੀ (KAI) ਦੇ ਉੱਤਰੀ ਸੁਮਾਤਰਾ ਖੇਤਰੀ ਵਿਭਾਗ ਦੇ ਲੋਕ ਸੰਪਰਕ ਮੈਨੇਜਰ ਅਨਵਰ ਯੂਲੀ ਪ੍ਰਾਸਤਿਓ ਨੇ ਦੱਸਿਆ ਕਿ ਇਹ ਹਾਦਸਾ ਸਿਆਂਤਾਰ ਅਤੇ ਡੋਲੋਕ ਮੇਰਾਂਗਿਰ ਸਟੇਸ਼ਨਾਂ ਵਿਚਕਾਰ ਕਿਲੋਮੀਟਰ 38+7/6 ’ਤੇ ਵਾਪਰਿਆ। ਮੁੱਢਲੀ ਜਾਣਕਾਰੀ ਅਨੁਸਾਰ ਮਿੰਨੀ ਬੱਸ ਬਿਨਾਂ ਸੁਰੱਖਿਆ ਪ੍ਰਬੰਧਾਂ ਵਾਲੇ ਰੇਲਵੇ ਕ੍ਰਾਸਿੰਗ ਤੋਂ ਲੰਘ ਰਹੀ ਸੀ, ਜਿਸ ਦੌਰਾਨ ਇਹ ਹਾਦਸਾ ਵਾਪਰਿਆ।





