- ਮੋਹਾਲੀ ’ਚ ਹੇਅਰ ਸੈਲੂਨ ’ਤੇ ਫਾਇਰਿੰਗ; ਦੋ ਮਹੀਨੇ ਪਹਿਲਾਂ ਵੀ ਹੋਈ ਸੀ ਵਾਰਦਾਤ
ਮੋਹਾਲੀ: 21 ਨਵੰਬਰ (ਦੇਸ਼ ਕਲਿੱਕ ਬਿਊਰੋ): ਮੋਹਾਲੀ ਦੇ ਫੇਜ਼-11 ਵਿੱਚ ਸ਼ਨੀਵਾਰ ਨੂੰ ਬਾਈਕ ਸਵਾਰ ਦੋ ਨੌਜਵਾਨਾਂ ਨੇ ਹੇਅਰ ਮਾਸਟਰ ਸੈਲੂਨ ’ਤੇ ਫਾਇਰਿੰਗ ਕਰ ਦਿੱਤੀ। ਹਮਲਾਵਰਾਂ ਨੇ ਸਲਿੱਪ ਰੋਡ ’ਤੇ ਮੋਟਰਸਾਈਕਲ ਖੜ੍ਹੀ ਕਰਕੇ ਸੈਲੂਨ ਨੂੰ ਨਿਸ਼ਾਨਾ ਬਣਾਇਆ। ਗੋਲੀ ਸੈਲੂਨ ਦੇ ਸ਼ੀਸ਼ੇ ਵਿੱਚ ਜਾ ਲੱਗੀ, ਜਿਸ ਨਾਲ ਸ਼ੀਸ਼ਾ ਟੁੱਟ ਗਿਆ। ਵਾਰਦਾਤ ਤੋਂ ਬਾਅਦ ਦੋਵੇਂ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਨੇ ਘਟਨਾ ਸਥਾਨ ਤੋਂ ਗੋਲੀ ਦਾ ਖੋਲ੍ਹ ਬਰਾਮਦ ਕੀਤਾ ਹੈ।
ਆਰਕੀਟੈਕਟ ਦੇ ਘਰ ’ਤੇ ਵੀ ਚਲਾਈਆਂ ਗੋਲੀਆਂ
ਪੁਲਿਸ ਦੀ ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਸੈਲੂਨ ’ਤੇ ਫਾਇਰਿੰਗ ਕਰਨ ਵਾਲੇ ਮੁਲਜ਼ਮਾਂ ਨੇ ਇਸੇ ਇਲਾਕੇ ਵਿੱਚ ਆਰਕੀਟੈਕਟ ਹਰਪ੍ਰੀਤ ਸਿੰਘ ਦੇ ਘਰ ਨੂੰ ਵੀ ਨਿਸ਼ਾਨਾ ਬਣਾਇਆ ਸੀ। ਉੱਥੇ ਚਾਰ ਰਾਊਂਡ ਗੋਲੀਆਂ ਚਲਾਈਆਂ ਗਈਆਂ। ਇੱਕ ਗੋਲੀ ਘਰ ਅੰਦਰ ਪਏ ਗੱਦੇ ਵਿੱਚ ਲੱਗੀ। ਆਰਕੀਟੈਕਟ ਹਰਪ੍ਰੀਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਦੁਪਹਿਰ ਸਮੇਂ ਮੋਟਰਸਾਈਕਲ ’ਤੇ ਸਵਾਰ ਦੋ ਨੌਜਵਾਨ ਉਨ੍ਹਾਂ ਦੇ ਘਰ ਆਏ ਅਤੇ ਫਾਇਰਿੰਗ ਕਰਕੇ ਫ਼ਰਾਰ ਹੋ ਗਏ। ਉਨ੍ਹਾਂ ਮੁਤਾਬਕ ਕਿਸੇ ਨਾਲ ਉਨ੍ਹਾਂ ਦੀ ਪੁਰਾਣੀ ਰੰਜਿਸ਼ ਜਾਂ ਦੁਸ਼ਮਣੀ ਨਹੀਂ ਹੈ। ਨਾ ਹੀ ਉਨ੍ਹਾਂ ਨੂੰ ਫਿਰੌਤੀ ਲਈ ਕੋਈ ਫੋਨ ਆਇਆ ਸੀ ਅਤੇ ਨਾ ਹੀ ਕੋਈ ਧਮਕੀ ਮਿਲੀ ਸੀ।
ADGP ਨੇ ਕਿਹਾ—ਪੁਲਿਸ ਦੀਆਂ ਕਈ ਟੀਮਾਂ ਜਾਂਚ ’ਚ ਜੁਟੀਆਂ
ਪੰਜਾਬ ਪੁਲਿਸ ਦੇ ADGP ਗੌਤਮ ਚੀਮਾ ਨੇ ਦੱਸਿਆ ਕਿ ਮੋਹਾਲੀ ਪੁਲਿਸ ਦੀਆਂ ਵੱਖ-ਵੱਖ ਟੀਮਾਂ ਮੁਲਜ਼ਮਾਂ ਦੀ ਭਾਲ ਕਰ ਰਹੀਆਂ ਹਨ। ਪੁਲਿਸ ਵੱਲੋਂ ਸੈਲੂਨ ਅਤੇ ਆਲੇ-ਦੁਆਲੇ ਦੀਆਂ ਸੜਕਾਂ ’ਤੇ ਲੱਗੇ CCTV ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ। ਪੁਲਿਸ ਮੁਲਜ਼ਮਾਂ ਦੇ ਆਉਣ ਅਤੇ ਫ਼ਰਾਰ ਹੋਣ ਵਾਲੇ ਰਸਤੇ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਫੁਟੇਜ ਤੋਂ ਹਮਲਾਵਰਾਂ ਦੀ ਪਛਾਣ ਸਬੰਧੀ ਸੁਰਾਗ ਮਿਲਣ ਦੀ ਉਮੀਦ ਹੈ।
ਸੈਲੂਨ ’ਤੇ 2 ਸਤੰਬਰ ਨੂੰ ਵੀ ਹੋਈ ਸੀ ਫਾਇਰਿੰਗ
ਪੁਲਿਸ ਮੁਤਾਬਕ ਹੇਅਰ ਮਾਸਟਰ ਸੈਲੂਨ ’ਤੇ ਇਸ ਤੋਂ ਪਹਿਲਾਂ ਵੀ 2 ਸਤੰਬਰ ਨੂੰ ਫਾਇਰਿੰਗ ਹੋਈ ਸੀ। ਉਸ ਸਮੇਂ ਸ਼ਾਮ ਕਰੀਬ 8:30 ਵਜੇ ਸਪਲੈਂਡਰ ਮੋਟਰਸਾਈਕਲ ’ਤੇ ਆਏ ਹਮਲਾਵਰਾਂ ਨੇ ਇੱਕ ਰਾਊਂਡ ਗੋਲੀ ਚਲਾਈ ਸੀ। ਹੁਣ ਦੂਜੀ ਵਾਰ ਇਸ ਸੈਲੂਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਪੁਲਿਸ ਵੱਲੋਂ ਨਾਕਾਬੰਦੀ, ਇਲਾਕੇ ’ਚ ਦਹਿਸ਼ਤ
ਫਾਇਰਿੰਗ ਦੀ ਸੂਚਨਾ ਮਿਲਣ ’ਤੇ ਫੇਜ਼-11 ਥਾਣੇ ਦੇ ਐੱਸਐੱਚਓ ਬਲਜਿੰਦਰ ਸਿੰਘ ਕੰਗ ਪੁਲਿਸ ਟੀਮ ਸਮੇਤ ਮੌਕੇ ’ਤੇ ਪਹੁੰਚੇ। ਪੁਲਿਸ ਨੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਨਾਕਾਬੰਦੀ ਕਰਕੇ ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਦਿਨ-ਦਿਹਾੜੇ ਹੋਈਆਂ ਦੋਵੇਂ ਫਾਇਰਿੰਗ ਦੀਆਂ ਘਟਨਾਵਾਂ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਦਾ ਕਹਿਣਾ ਹੈ ਕਿ ਹਮਲਾਵਰਾਂ ਨੂੰ ਜਲਦ ਕਾਬੂ ਕਰਨ ਲਈ ਕੋਸ਼ਿਸ਼ਾਂ ਜਾਰੀ ਹਨ।





