ਨੇਪਾਲ ਦੇ PM ਸ਼ਾਹ ਅੱਜ ਆਉਣਗੇ ਭਾਰਤ; ਨਾਲ ਹੋਵੇਗਾ 34 ਮੈਂਬਰੀ ਵਫ਼ਦ
ਨਵੀਂ ਦਿੱਲੀ 22 ਨਵੰਬਰ 2026
ਨੇਪਾਲ ਦੇ ਪ੍ਰਧਾਨ ਮੰਤਰੀ ਬਾਲੇਂਦਰ ਸ਼ਾਹ ਅੱਜ ਤੋਂ ਦੋ ਦਿਨਾਂ ਦੇ ਅਧਿਕਾਰਤ ਭਾਰਤ ਦੌਰੇ ’ਤੇ ਆ ਰਹੇ ਹਨ। 27 ਮਾਰਚ ਨੂੰ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਇਹ ਉਨ੍ਹਾਂ ਦੀ ਪਹਿਲੀ ਅਧਿਕਾਰਤ ਦੁਵੱਲੀ ਵਿਦੇਸ਼ ਯਾਤਰਾ ਹੋਵੇਗੀ। ਉਨ੍ਹਾਂ ਦੇ ਇਸ ਦੌਰੇ ਨੂੰ ਭਾਰਤ ਅਤੇ ਨੇਪਾਲ ਦੇ ਆਪਸੀ ਸਬੰਧਾਂ ਦੇ ਲਿਹਾਜ਼ ਨਾਲ ਕਾਫ਼ੀ ਅਹਿਮ ਮੰਨਿਆ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਬਾਲੇਂਦਰ ਸ਼ਾਹ ਦੇ ਨਾਲ ਨੇਪਾਲ ਦਾ 34 ਮੈਂਬਰੀ ਵਫ਼ਦ ਵੀ ਭਾਰਤ ਪਹੁੰਚੇਗਾ। ਇਸ ਵਫ਼ਦ ਵਿੱਚ ਨੇਪਾਲ ਦੇ ਵਿੱਤ ਮੰਤਰੀ ਸਵਰਨਿਮ ਵਾਗਲੇ ਅਤੇ ਵਿਦੇਸ਼ ਮੰਤਰੀ ਸ਼ਿਸ਼ਿਰ ਖਨਾਲ ਸਮੇਤ ਕਈ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਹੋਣਗੇ।
ਦੋ ਦਿਨਾਂ ਦੇ ਇਸ ਦੌਰੇ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਆਪਸੀ ਸਹਿਯੋਗ ਵਧਾਉਣ ਅਤੇ ਦੁਵੱਲੇ ਸਬੰਧਾਂ ਨਾਲ ਜੁੜੇ ਵੱਖ-ਵੱਖ ਅਹਿਮ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਹੋਣ ਦੀ ਉਮੀਦ ਹੈ। ਇਸ ਤੋਂ ਇਲਾਵਾ ਦੋਵਾਂ ਦੇਸ਼ਾਂ ਦੇ ਸਾਂਝੇ ਹਿੱਤਾਂ ਅਤੇ ਭਵਿੱਖੀ ਸਹਿਯੋਗ ਦੇ ਖੇਤਰਾਂ ’ਤੇ ਵੀ ਚਰਚਾ ਹੋ ਸਕਦੀ ਹੈ।
ਬਾਲੇਂਦਰ ਸ਼ਾਹ ਦੀ ਪ੍ਰਧਾਨ ਮੰਤਰੀ ਵਜੋਂ ਇਹ ਪਹਿਲੀ ਅਧਿਕਾਰਤ ਵਿਦੇਸ਼ ਯਾਤਰਾ ਹੋਣ ਕਾਰਨ ਇਸ ਦੌਰੇ ’ਤੇ ਦੋਵਾਂ ਦੇਸ਼ਾਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।





