ਚੋਣਾਂ ਲਈ ਕਾਂਗਰਸ-ਸਪਾ ਵਿਚਾਲੇ ਸੀਟਾਂ ਦੀ ਵੰਡ ’ਤੇ ਅੱਜ ਤੋਂ ਮੰਥਨ, 100 ਤੋਂ ਵੱਧ ਸੀਟਾਂ ਮੰਗੇਗੀ ਕਾਂਗਰਸ

Top Trending News ਰਾਸ਼ਟਰੀ

 

ਚੋਣਾਂ ਲਈ ਕਾਂਗਰਸ-ਸਪਾ ਵਿਚਾਲੇ ਸੀਟਾਂ ਦੀ ਵੰਡ ’ਤੇ ਅੱਜ ਤੋਂ ਮੰਥਨ, 100 ਤੋਂ ਵੱਧ ਸੀਟਾਂ ਮੰਗੇਗੀ ਕਾਂਗਰਸ

ਨਵੀਂ ਦਿੱਲੀ, 23 ਨਵੰਬਰ 2026: ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕਾਂਗਰਸ ਅਤੇ ਸਮਾਜਵਾਦੀ ਪਾਰਟੀ (ਸਪਾ) ਵਿਚਾਲੇ ਗੱਠਜੋੜ ਦੀਆਂ ਤਿਆਰੀਆਂ ਤੇਜ਼ ਹੋ ਗਈਆਂ ਹਨ। ਦੋਵਾਂ ਪਾਰਟੀਆਂ ਦੇ ਆਗੂ ਅੱਜ ਦਿੱਲੀ ਵਿੱਚ ਸੀਟਾਂ ਦੀ ਵੰਡ ਨੂੰ ਲੈ ਕੇ ਪਹਿਲੀ ਰਸਮੀ ਮੀਟਿੰਗ ਕਰਨਗੇ। ਇਹ ਬੈਠਕ ਕਾਂਗਰਸ ਆਗੂ ਪ੍ਰਮੋਦ ਤਿਵਾੜੀ ਦੀ ਰਿਹਾਇਸ਼ ’ਤੇ ਹੋਵੇਗੀ ਅਤੇ ਦੋ ਦਿਨ ਚੱਲਣ ਦੀ ਸੰਭਾਵਨਾ ਹੈ।

ਮੀਟਿੰਗ ਵਿੱਚ ਦੋਵਾਂ ਪਾਰਟੀਆਂ ਦੇ ਚਾਰ-ਚਾਰ ਪ੍ਰਮੁੱਖ ਆਗੂ ਸ਼ਾਮਲ ਹੋਣਗੇ। ਕਾਂਗਰਸ ਵੱਲੋਂ ਰਾਜੇਂਦਰ ਪਾਲ ਗੌਤਮ, ਆਰਾਧਨਾ ਮਿਸ਼ਰਾ, ਇਮਰਾਨ ਮਸੂਦ ਅਤੇ ਵੀਰੇਂਦਰ ਚੌਧਰੀ ਗੱਲਬਾਤ ਕਰਨਗੇ, ਜਦਕਿ ਸਪਾ ਵੱਲੋਂ ਰਾਮਗੋਪਾਲ ਯਾਦਵ, ਸ਼ਿਆਮ ਲਾਲ ਪਾਲ, ਰਾਜੀਵ ਰਾਏ ਅਤੇ ਇਕਰਾ ਹਸਨ ਸ਼ਾਮਲ ਹੋਣਗੇ। ਪ੍ਰਿਯੰਕਾ ਗਾਂਧੀ ਦੇ ਮੀਟਿੰਗ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਨਹੀਂ ਹੈ, ਹਾਲਾਂਕਿ ਉਹ ਪਿੱਛੇ ਰਹਿ ਕੇ ਰਣਨੀਤੀ ਤਿਆਰ ਕਰ ਰਹੇ ਹਨ।

ਸੂਤਰਾਂ ਅਨੁਸਾਰ, ਉੱਤਰ ਪ੍ਰਦੇਸ਼ ਦੀਆਂ 403 ਵਿਧਾਨ ਸਭਾ ਸੀਟਾਂ ਵਿੱਚੋਂ ਕਾਂਗਰਸ 100 ਤੋਂ ਵੱਧ ਸੀਟਾਂ ’ਤੇ ਦਾਅਵਾ ਕਰ ਸਕਦੀ ਹੈ। ਪਾਰਟੀ ਦੀ ਖ਼ਾਸ ਨਜ਼ਰ 55 ਤੋਂ 60 ਮਜ਼ਬੂਤ ਸੀਟਾਂ ’ਤੇ ਹੈ, ਜਿੱਥੇ ਜਿੱਤ ਦੀਆਂ ਸੰਭਾਵਨਾਵਾਂ ਵੱਧ ਹਨ।

ਕਾਂਗਰਸ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਵਾਲੀਆਂ ਸੀਟਾਂ ਅਤੇ ਦਲਿਤ, ਮੁਸਲਿਮ ਤੇ ਬ੍ਰਾਹਮਣ ਵੋਟ ਬੈਂਕ ਦੇ ਸਮੀਕਰਨ ਵਾਲੇ ਹਲਕਿਆਂ ਨੂੰ ਤਰਜੀਹ ਦੇਣਾ ਚਾਹੁੰਦੀ ਹੈ। ਹੁਣ ਦੇਖਣਾ ਹੋਵੇਗਾ ਕਿ ਸਪਾ ਕਾਂਗਰਸ ਦੀ ਇਸ ਮੰਗ ਨਾਲ ਕਿੰਨੀ ਸਹਿਮਤ ਹੁੰਦੀ ਹੈ।