ਮਹਿੰਗਾਈ ਦਾ ਇੱਕ ਹੋਰ ਝਟਕਾ: CNG 2 ਰੁਪਏ ਅਤੇ PNG 1 ਰੁਪਿਆ ਮਹਿੰਗੀ, ਨਵੀਆਂ ਦਰਾਂ ਲਾਗੂ
ਲਖਨਊ, 23 ਨਵੰਬਰ 2026: ਦੇਸ਼ ਵਿੱਚ ਲਗਾਤਾਰ ਵਧ ਰਹੀ ਮਹਿੰਗਾਈ ਦਰਮਿਆਨ ਉੱਤਰ ਪ੍ਰਦੇਸ਼ ਦੇ ਲੋਕਾਂ ਨੂੰ ਇੱਕ ਹੋਰ ਝਟਕਾ ਲੱਗਾ ਹੈ। ਗ੍ਰੀਨ ਗੈਸ ਲਿਮਟਿਡ (GGL) ਨੇ ਸੂਬੇ ਦੇ ਕਈ ਸ਼ਹਿਰਾਂ ਵਿੱਚ ਸੀਐਨਜੀ (CNG) ਅਤੇ ਪੀਐਨਜੀ (PNG) ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ। ਨਵੀਆਂ ਕੀਮਤਾਂ ਐਤਵਾਰ ਸਵੇਰ ਤੋਂ ਲਾਗੂ ਹੋ ਗਈਆਂ ਹਨ।
ਕੰਪਨੀ ਵੱਲੋਂ ਕੀਤੇ ਗਏ ਐਲਾਨ ਅਨੁਸਾਰ ਲਖਨਊ, ਆਗਰਾ, ਉਨਾਓ, ਅਯੁੱਧਿਆ ਅਤੇ ਸੁਲਤਾਨਪੁਰ ਵਿੱਚ ਸੀਐਨਜੀ ਦੀ ਕੀਮਤ 2 ਰੁਪਏ ਪ੍ਰਤੀ ਕਿਲੋ ਵਧਾਈ ਗਈ ਹੈ, ਜਦਕਿ ਪੀਐਨਜੀ ਦੇ ਰੇਟ ਵਿੱਚ 1 ਰੁਪਿਆ ਪ੍ਰਤੀ ਸਟੈਂਡਰਡ ਕਿਊਬਿਕ ਮੀਟਰ (SCM) ਦਾ ਵਾਧਾ ਕੀਤਾ ਗਿਆ ਹੈ।
ਨਵੀਆਂ ਦਰਾਂ ਮੁਤਾਬਕ ਲਖਨਊ ਅਤੇ ਆਗਰਾ ਵਿੱਚ ਸੀਐਨਜੀ ਹੁਣ 108 ਰੁਪਏ ਦੀ ਬਜਾਏ 110 ਰੁਪਏ ਪ੍ਰਤੀ ਕਿਲੋ ਮਿਲੇਗੀ। ਇਸੇ ਤਰ੍ਹਾਂ ਅਯੁੱਧਿਆ ਅਤੇ ਸੁਲਤਾਨਪੁਰ ਵਿੱਚ ਕੀਮਤ 106 ਰੁਪਏ ਤੋਂ ਵਧ ਕੇ 108 ਰੁਪਏ ਹੋ ਗਈ ਹੈ। ਉਨਾਓ ਵਿੱਚ ਸੀਐਨਜੀ ਦਾ ਨਵਾਂ ਰੇਟ 107 ਰੁਪਏ ਪ੍ਰਤੀ ਕਿਲੋ ਹੋ ਗਿਆ ਹੈ।
ਜ਼ਿਕਰਯੋਗ ਹੈ ਕਿ ਲਖਨਊ ਵਿੱਚ 3 ਅਕਤੂਬਰ ਤੋਂ ਹੁਣ ਤੱਕ ਸੀਐਨਜੀ ਦੀ ਕੀਮਤ ਵਿੱਚ ਕੁੱਲ 5 ਰੁਪਏ ਪ੍ਰਤੀ ਕਿਲੋ ਦਾ ਵਾਧਾ ਹੋ ਚੁੱਕਾ ਹੈ। ਇਸ ਵਾਧੇ ਨਾਲ ਵਾਹਨ ਚਾਲਕਾਂ ਅਤੇ ਘਰੇਲੂ ਗੈਸ ਖਪਤਕਾਰਾਂ ਦਾ ਬਜਟ ਹੋਰ ਪ੍ਰਭਾਵਿਤ ਹੋਵੇਗਾ।





