ਲੀਬੀਆ ਦੇ ਬੰਦਰਗਾਹ ’ਤੇ ਯੂਕਰੇਨ ਦਾ ਵੱਡਾ ਹਮਲਾ! ਰੂਸੀ ਜੰਗੀ ਬੇੜਾ ‘ਮਰਕਰੀ’ ਸਮੁੰਦਰ ’ਚ ਡੁੱਬਿਆ
ਰੂਸ-ਯੂਕਰੇਨ, 23 ਨਵੰਬਰ 2026- ਰੂਸ-ਯੂਕਰੇਨ ਜੰਗ ਦਾ ਦਾਇਰਾ ਹੁਣ ਭੂਮੱਧ ਸਾਗਰ ਤੱਕ ਫੈਲਦਾ ਦਿਖਾਈ ਦੇ ਰਿਹਾ ਹੈ। ਲੀਬੀਆ ਦੇ ਬੰਦਰਗਾਹ ਸ਼ਹਿਰ ਬੇਨਗਾਜ਼ੀ ਵਿੱਚ ਖੜ੍ਹੇ ਰੂਸੀ ਜੰਗੀ ਬੇੜੇ ’ਤੇ ਯੂਕਰੇਨੀ ਸਮੁੰਦਰੀ ਡਰੋਨਾਂ ਨਾਲ ਹਮਲਾ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਹਮਲੇ ਵਿੱਚ ਰੂਸੀ ਜਲ ਸੈਨਾ ਦਾ ਜੰਗੀ ਜਹਾਜ਼ ‘ਮਰਕਰੀ’ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਬਾਅਦ ਵਿੱਚ ਸਮੁੰਦਰ ਵਿੱਚ ਡੁੱਬ ਗਿਆ।
ਰਿਪੋਰਟਾਂ ਮੁਤਾਬਕ ਇਹ ਜਹਾਜ਼ ਬੇਨਗਾਜ਼ੀ ਬੰਦਰਗਾਹ ’ਤੇ ਤੇਲ ਭਰਵਾਉਣ ਅਤੇ ਜ਼ਰੂਰੀ ਸਾਮਾਨ ਲੈਣ ਲਈ ਰੁਕਿਆ ਹੋਇਆ ਸੀ। ਹਮਲੇ ਦੌਰਾਨ ਜ਼ੋਰਦਾਰ ਧਮਾਕਾ ਹੋਇਆ। ਸ਼ੁਰੂਆਤੀ ਜਾਣਕਾਰੀ ਅਨੁਸਾਰ ਰੂਸੀ ਜਹਾਜ਼ ਵੱਲ ਆਏ ਘੱਟੋ-ਘੱਟ ਚਾਰ ਡਰੋਨਾਂ ਨੂੰ ਰੋਕਿਆ ਗਿਆ, ਜਦਕਿ ਦੋ ਡਰੋਨ ਜਹਾਜ਼ ਨਾਲ ਟਕਰਾਉਣ ਵਿੱਚ ਕਾਮਯਾਬ ਰਹੇ।
ਇਸ ਤੋਂ ਕੁਝ ਘੰਟਿਆਂ ਬਾਅਦ ਰੂਸ ਨਾਲ ਸਬੰਧਤ ਮਾਲਵਾਹਕ ਜਹਾਜ਼ ‘ਐਸਕਲੋਨ’ ਨੂੰ ਵੀ ਬੇਨਗਾਜ਼ੀ ਦੇ ਤੱਟ ਨੇੜੇ ਸਮੁੰਦਰੀ ਡਰੋਨ ਨੇ ਨਿਸ਼ਾਨਾ ਬਣਾਇਆ। ਦੱਸਿਆ ਜਾ ਰਿਹਾ ਹੈ ਕਿ ਇਸ ਜਹਾਜ਼ ਵਿੱਚ ਫੌਜੀ ਸਾਮਾਨ ਲੱਦਿਆ ਹੋਇਆ ਸੀ।
ਇਸ ਘਟਨਾ ਦੀ ਅਹਿਮੀਅਤ ਇਸ ਲਈ ਵੀ ਵਧ ਗਈ ਹੈ ਕਿਉਂਕਿ ਹਮਲਾ ਯੂਕਰੇਨ ਤੋਂ 1,000 ਮੀਲ ਤੋਂ ਵੱਧ ਦੂਰ ਭੂਮੱਧ ਸਾਗਰ ਵਿੱਚ ਹੋਇਆ। ਜੇਕਰ ਹਮਲੇ ਦੀ ਪੁਸ਼ਟੀ ਹੁੰਦੀ ਹੈ ਤਾਂ ਇਹ ਰੂਸ-ਯੂਕਰੇਨ ਜੰਗ ਦੇ ਭੂਗੋਲਿਕ ਪਸਾਰ ਦਾ ਇੱਕ ਵੱਡਾ ਸੰਕੇਤ ਹੋਵੇਗਾ।





