ਕਾਂਗਰਸ ’ਚ ਮਦਨ ਲਾਲ ਜਲਾਲਪੁਰ ਦੀ ‘ਘਰ ਵਾਪਸੀ’, ਮੁਅੱਤਲੀ ਰੱਦ ਕਰਕੇ ਪਾਰਟੀ ਨੇ ਮੁੜ ਕੀਤਾ ਸ਼ਾਮਲ

Top Trending News ਪੰਜਾਬ

ਕਾਂਗਰਸ ’ਚ ਮਦਨ ਲਾਲ ਜਲਾਲਪੁਰ ਦੀ ‘ਘਰ ਵਾਪਸੀ’, ਮੁਅੱਤਲੀ ਰੱਦ ਕਰਕੇ ਪਾਰਟੀ ਨੇ ਮੁੜ ਕੀਤਾ ਸ਼ਾਮਲ

ਚੰਡੀਗੜ੍ਹ, 23 ਨਵੰਬਰ 2026: ਪੰਜਾਬ ਕਾਂਗਰਸ ਨੇ ਪਾਰਟੀ ਦੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੂੰ ਵੱਡੀ ਰਾਹਤ ਦਿੰਦਿਆਂ ਉਨ੍ਹਾਂ ਦੀ ਮੁਅੱਤਲੀ ਖ਼ਤਮ ਕਰਕੇ ਮੁੜ ਪਾਰਟੀ ਵਿੱਚ ਸ਼ਾਮਲ ਕਰ ਲਿਆ ਹੈ। ਘਨੌਰ ਤੋਂ 2017 ਤੋਂ 2022 ਤੱਕ ਵਿਧਾਇਕ ਰਹੇ ਜਲਾਲਪੁਰ ਦੀ ਵਾਪਸੀ ਨੂੰ ਪੰਜਾਬ ਕਾਂਗਰਸ ਵਿੱਚ ਚੱਲ ਰਹੀ ਅੰਦਰੂਨੀ ਖਿੱਚੋਤਾਣ ਖ਼ਤਮ ਕਰਨ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਪੰਜਾਬ ਕਾਂਗਰਸ ਪ੍ਰਧਾਨ ਪਰਗਟ ਸਿੰਘ ਨੇ ਉਨ੍ਹਾਂ ਦਾ ਪਾਰਟੀ ਵਿੱਚ ਸਵਾਗਤ ਕੀਤਾ।

ਜ਼ਿਕਰਯੋਗ ਹੈ ਕਿ ਜਲਾਲਪੁਰ ਨੂੰ 1 ਅਗਸਤ 2026 ਨੂੰ ਤਿੰਨ ਸਾਲਾਂ ਲਈ ਮੁਅੱਤਲ ਕੀਤਾ ਗਿਆ ਸੀ। ਉਨ੍ਹਾਂ ’ਤੇ ਪਾਰਟੀ ਵਿਰੋਧੀ ਗਤੀਵਿਧੀਆਂ ਅਤੇ ਸੀਨੀਅਰ ਆਗੂਆਂ ਵਿਰੁੱਧ ਬਿਆਨਬਾਜ਼ੀ ਕਰਨ ਦੇ ਦੋਸ਼ ਲੱਗੇ ਸਨ। ਉਨ੍ਹਾਂ ਨੇ ਤਤਕਾਲੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ’ਤੇ ਸਵਾਲ ਚੁੱਕਦਿਆਂ ਕਿਹਾ ਸੀ ਕਿ ਇਸ ਲੀਡਰਸ਼ਿਪ ਹੇਠ ਕਾਂਗਰਸ ਪੰਜਾਬ ਵਿੱਚ ਚੋਣਾਂ ਨਹੀਂ ਜਿੱਤ ਸਕਦੀ।

ਜਲਾਲਪੁਰ ਦੀ ਵਾਪਸੀ ਲਈ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਲਗਾਤਾਰ ਯਤਨ ਕਰ ਰਹੇ ਸਨ। ਉਹ 22 ਨਵੰਬਰ ਨੂੰ ਵੀ ਜਲਾਲਪੁਰ ਦੇ ਘਰ ਪਹੁੰਚੇ ਸਨ ਅਤੇ ਉਨ੍ਹਾਂ ਨੂੰ ਪਾਰਟੀ ਲਈ ਅਹਿਮ ਆਗੂ ਦੱਸਿਆ ਸੀ।

ਸੂਤਰਾਂ ਮੁਤਾਬਕ ਸਾਬਕਾ ਵਿਧਾਇਕ ਹਰਦਿਆਲ ਕੰਬੋਜ ਦੇ ਭਾਜਪਾ ਵਿੱਚ ਜਾਣ ਤੋਂ ਬਾਅਦ ਕਾਂਗਰਸ ਜਲਾਲਪੁਰ ਨੂੰ ਗੁਆਉਣ ਦਾ ਜੋਖ਼ਮ ਨਹੀਂ ਲੈਣਾ ਚਾਹੁੰਦੀ ਸੀ। ਪਰਗਟ ਸਿੰਘ ਵੱਲੋਂ ਅਕਤੂਬਰ ਵਿੱਚ ਪ੍ਰਧਾਨਗੀ ਸੰਭਾਲਣ ਤੋਂ ਬਾਅਦ ਪਾਰਟੀ ਅੰਦਰ ਏਕਤਾ ਦੀਆਂ ਕੋਸ਼ਿਸ਼ਾਂ ਤੇਜ਼ ਹੋਈਆਂ ਹਨ।