ਅਮਰੀਕਾ ’ਚ ਤੂਫ਼ਾਨ ਦਾ ਕਹਿਰ: 9 ਲੱਖ ਤੋਂ ਵੱਧ ਘਰਾਂ ਦੀ ਬਿਜਲੀ ਗੁੱਲ, 400 ਤੋਂ ਵੱਧ ਉਡਾਣਾਂ ਰੱਦ

Top Trending News ਕੌਮਾਂਤਰੀ
  • ਅਮਰੀਕਾ ’ਚ ਤੂਫ਼ਾਨ ਦਾ ਕਹਿਰ: 9 ਲੱਖ ਤੋਂ ਵੱਧ ਘਰਾਂ ਦੀ ਬਿਜਲੀ ਗੁੱਲ, 400 ਤੋਂ ਵੱਧ ਉਡਾਣਾਂ ਰੱਦ

ਨਵੀਂ ਦਿੱਲੀ: 27 ਨਵੰਬਰ (ਦੇਸ਼ ਕਲਿੱਕ ਬਿਊਰੋ): ਅਮਰੀਕਾ ਦੇ ਪੂਰਬੀ ਤੱਟ ਵੱਲ ਵਧ ਰਹੇ ਤੂਫ਼ਾਨ ਕਾਰਨ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਨੇ ਜਨਜੀਵਨ ਪ੍ਰਭਾਵਿਤ ਕਰ ਦਿੱਤਾ ਹੈ। ਖ਼ਰਾਬ ਮੌਸਮ ਕਾਰਨ 9 ਲੱਖ ਤੋਂ ਵੱਧ ਘਰਾਂ ਦੀ ਬਿਜਲੀ ਸਪਲਾਈ ਠੱਪ ਹੋ ਗਈ, ਜਦਕਿ 1800 ਉਡਾਣਾਂ ਦੇਰੀ ਨਾਲ ਚੱਲੀਆਂ ਅਤੇ 400 ਤੋਂ ਵੱਧ ਫਲਾਈਟਾਂ ਰੱਦ ਕਰਨੀਆਂ ਪਈਆਂ। ਮੌਸਮ ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਤੂਫ਼ਾਨ ਕਾਰਨ ਸਮੁੰਦਰ ਦਾ ਜਲ ਪੱਧਰ 14 ਸਾਲਾਂ ਦੇ ਸਭ ਤੋਂ ਉੱਚੇ ਪੱਧਰ ਤੱਕ ਪਹੁੰਚ ਸਕਦਾ ਹੈ। ਇਸ ਨਾਲ ਨਿਊਯਾਰਕ, ਨਿਊ ਜਰਸੀ ਅਤੇ ਫਿਲਾਡੇਲਫੀਆ ਸਮੇਤ ਕਈ ਤੱਟਵਰਤੀ ਖੇਤਰਾਂ ਵਿੱਚ ਹੜ੍ਹ ਆਉਣ ਦਾ ਖ਼ਤਰਾ ਵਧ ਗਿਆ ਹੈ। ਪੂਰਬੀ ਤੱਟ ਵੱਲ ਵਧ ਰਹੇ ਇਸ ਤੂਫ਼ਾਨ ਨੂੰ ‘ਨੌਰਈਸਟਰ’ ਕਿਹਾ ਜਾਂਦਾ ਹੈ। ਇਸ ਤਰ੍ਹਾਂ ਦੇ ਤੂਫ਼ਾਨ ਤੇਜ਼ ਹਵਾਵਾਂ, ਭਾਰੀ ਮੀਂਹ ਅਤੇ ਸਮੁੰਦਰ ਵਿੱਚ ਉੱਚੀਆਂ ਲਹਿਰਾਂ ਲਈ ਜਾਣੇ ਜਾਂਦੇ ਹਨ।

ਥੈਂਕਸਗਿਵਿੰਗ ਲਈ ਸਫ਼ਰ ਕਰਨ ਵਾਲੇ ਲੋਕਾਂ ਦੀਆਂ ਮੁਸ਼ਕਲਾਂ ਵਧੀਆਂ
ਅਮਰੀਕਾ ਵਿੱਚ ਥੈਂਕਸਗਿਵਿੰਗ ਤਿਉਹਾਰ ਮੌਕੇ ਵੱਡੀ ਗਿਣਤੀ ਵਿੱਚ ਲੋਕ ਆਪਣੇ ਪਰਿਵਾਰਾਂ ਅਤੇ ਦੋਸਤਾਂ ਨਾਲ ਸਮਾਂ ਬਿਤਾਉਣ ਲਈ ਦੂਜੇ ਸ਼ਹਿਰਾਂ ਵੱਲ ਜਾਂਦੇ ਹਨ। ਪਰ ਤੂਫ਼ਾਨ ਕਾਰਨ ਹਵਾਈ ਸਫ਼ਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਅਤੇ ਯਾਤਰੀਆਂ ਨੂੰ ਲੰਬੀਆਂ ਦੇਰੀਆਂ ਤੇ ਫਲਾਈਟਾਂ ਰੱਦ ਹੋਣ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਖ਼ਰਾਬ ਮੌਸਮ ਦਾ ਅਸਰ ਤਿਉਹਾਰ ਦੇ ਸਮਾਗਮਾਂ ’ਤੇ ਵੀ ਪਿਆ ਹੈ। ਨਿਊਯਾਰਕ ਵਿੱਚ ਹੋਣ ਵਾਲੀ ਮਸ਼ਹੂਰ ਥੈਂਕਸਗਿਵਿੰਗ ਡੇਅ ਪਰੇਡ ਨੂੰ ਸ਼ਨੀਵਾਰ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਪਰੇਡ ਦਾ 100ਵਾਂ ਸਾਲ ਹੈ ਅਤੇ ਇਸ ਦੇ ਇਤਿਹਾਸ ਵਿੱਚ ਪਹਿਲੀ ਵਾਰ ਇਸ ਨੂੰ ਟਾਲਣਾ ਪਿਆ ਹੈ। ਨਿਊਯਾਰਕ ਦੇ ਮੇਅਰ ਜੋਹਰਾਨ ਮਮਦਾਨੀ ਨੇ ਤੂਫ਼ਾਨ ਦੇ ਖ਼ਤਰੇ ਨੂੰ ਦੇਖਦਿਆਂ ਇਹ ਫ਼ੈਸਲਾ ਲਿਆ। ਪਰੇਡ ਦੀ ਪ੍ਰਬੰਧਕ ਕੰਪਨੀ ਮੈਸੀਜ਼ ਨੇ ਕਿਹਾ ਕਿ ਲੋਕਾਂ ਦੀ ਸੁਰੱਖਿਆ ਉਸ ਦੀ ਸਭ ਤੋਂ ਵੱਡੀ ਤਰਜੀਹ ਹੈ।

ਉੱਚੀਆਂ ਸਮੁੰਦਰੀ ਲਹਿਰਾਂ ਨਾਲ ਤੱਟਵਰਤੀ ਢਾਂਚਿਆਂ ਨੂੰ ਨੁਕਸਾਨ
ਅਮਰੀਕਾ ਦੇ ਪੱਛਮੀ ਤੱਟ ’ਤੇ ਸਮੁੰਦਰ ਵਿੱਚ ਉੱਠ ਰਹੀਆਂ ਉੱਚੀਆਂ ਲਹਿਰਾਂ ਕਾਰਨ ਕਈ ਤੱਟਵਰਤੀ ਢਾਂਚਿਆਂ ਨੂੰ ਨੁਕਸਾਨ ਪਹੁੰਚਿਆ ਹੈ। ਸੈਨ ਡਿਏਗੋ ਦੇ ਆਲੇ-ਦੁਆਲੇ ਸਮੁੰਦਰ ਦਾ ਪਾਣੀ ਪੁਰਾਣੇ ਰਿਕਾਰਡ ਪੱਧਰ ਤੋਂ ਵੀ ਉੱਪਰ ਪਹੁੰਚ ਗਿਆ, ਜਿਸ ਨਾਲ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨ ਦਾ ਖ਼ਤਰਾ ਵਧ ਗਿਆ ਹੈ। ਦੂਜੇ ਪਾਸੇ, ਪੂਰਬੀ ਤੱਟ ’ਤੇ 2012 ਵਿੱਚ ਆਏ ਸੁਪਰਸਟਾਰਮ ਸੈਂਡੀ ਤੋਂ ਬਾਅਦ ਸਮੁੰਦਰ ਦਾ ਜਲ ਪੱਧਰ ਸਭ ਤੋਂ ਉੱਚਾ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਡੇਲਾਵੇਅਰ ਅਤੇ ਨਿਊ ਜਰਸੀ ਦੇ ਕੁਝ ਇਲਾਕਿਆਂ ਵਿੱਚ ਤੇਜ਼ ਹਵਾਵਾਂ ਕਾਰਨ ਬਿਜਲੀ ਦੀਆਂ ਤਾਰਾਂ ਟੁੱਟਣ ਅਤੇ ਸਪਲਾਈ ਬੰਦ ਹੋਣ ਦਾ ਖ਼ਦਸ਼ਾ ਬਣਿਆ ਹੋਇਆ ਹੈ।