ਬਠਿੰਡਾ ਕੈਂਟ ਦੀ ਰੇਕੀ ਕਰਨ ਦੇ ਦੋਸ਼ ’ਚ ISI ਏਜੰਟ ਗ੍ਰਿਫ਼ਤਾਰ, ਸਾਥੀ ਫਰਾਰ

Top Trending News ਪੰਜਾਬ
  • ਬਠਿੰਡਾ ਕੈਂਟ ਦੀ ਰੇਕੀ ਕਰਨ ਦੇ ਦੋਸ਼ ’ਚ ISI ਏਜੰਟ ਗ੍ਰਿਫ਼ਤਾਰ, ਸਾਥੀ ਫਰਾਰ

ਬਠਿੰਡਾ, , 27 ਨਵੰਬਰ (ਦੇਸ਼ ਕਲਿੱਕ ਬਿਊਰੋ): ਬਠਿੰਡਾ ਕੈਂਟ ਦੇ ਸੰਵੇਦਨਸ਼ੀਲ ਫੌਜੀ ਟਿਕਾਣਿਆਂ ਦੀ ਕਥਿਤ ਰੇਕੀ ਕਰਨ ਦੇ ਦੋਸ਼ ਹੇਠ ਸੁਰੱਖਿਆ ਏਜੰਸੀਆਂ ਨੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ, ਜਦਕਿ ਉਸ ਦਾ ਸਾਥੀ ਫਰਾਰ ਦੱਸਿਆ ਜਾ ਰਿਹਾ ਹੈ। ਜਾਂਚ ਏਜੰਸੀਆਂ ਦਾ ਦਾਅਵਾ ਹੈ ਕਿ ਮੁਲਜ਼ਮ ਪਾਕਿਸਤਾਨ ਵਿੱਚ ਬੈਠੇ ISI ਦੇ ਹੈਂਡਲਰਾਂ ਦੇ ਨਿਰਦੇਸ਼ਾਂ ’ਤੇ ਫੌਜੀ ਠਿਕਾਣਿਆਂ ਦੀ ਜਾਣਕਾਰੀ ਇਕੱਠੀ ਕਰ ਰਹੇ ਸਨ। ਗ੍ਰਿਫ਼ਤਾਰ ਮੁਲਜ਼ਮ ਦੀ ਪਛਾਣ ਸਤਨਾਮ ਸਿੰਘ ਉਰਫ਼ ਸੱਤੂ ਵਜੋਂ ਹੋਈ ਹੈ। ਉਹ ਫਿਰੋਜ਼ਪੁਰ ਜ਼ਿਲ੍ਹੇ ਦੇ ਪਿੰਡ ਜਖਰਾਵਾਂ ਦਾ ਰਹਿਣ ਵਾਲਾ ਹੈ। ਪੁਲਿਸ ਮੁਤਾਬਕ, ਉਹ ਫਿਰੋਜ਼ਪੁਰ ਤੋਂ ਬਠਿੰਡਾ ਆ ਕੇ ਫੌਜੀ ਟਿਕਾਣਿਆਂ ਦੀ ਰੇਕੀ ਕਰਦਾ ਸੀ ਅਤੇ ਉਨ੍ਹਾਂ ਦੀ ਲੋਕੇਸ਼ਨ ਸਮੇਤ ਹੋਰ ਅਹਿਮ ਜਾਣਕਾਰੀਆਂ ਇਕੱਠੀਆਂ ਕਰਕੇ ਸਰਹੱਦ ਪਾਰ ਭੇਜਦਾ ਸੀ।

ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮ ਦੇ ਬੈਂਕ ਖਾਤੇ ਵਿੱਚ ਪਾਕਿਸਤਾਨ ਤੋਂ ਆਨਲਾਈਨ ਲਗਭਗ 10 ਹਜ਼ਾਰ ਰੁਪਏ ਦੀ ਅਦਾਇਗੀ ਹੋਈ ਸੀ। ਏਜੰਸੀਆਂ ਹੁਣ ਇਸ ਰਕਮ ਦੇ ਸਰੋਤ ਅਤੇ ਇਸ ਦੇ ਕਥਿਤ ਜਾਸੂਸੀ ਗਤੀਵਿਧੀਆਂ ਨਾਲ ਸਬੰਧਾਂ ਦੀ ਜਾਂਚ ਕਰ ਰਹੀਆਂ ਹਨ।

25 ਨਵੰਬਰ ਨੂੰ ਕੈਂਟ ਇਲਾਕੇ ਦੇ ਬਾਹਰੋਂ ਕੀਤਾ ਕਾਬੂ
ਇਹ ਕਾਰਵਾਈ 25 ਨਵੰਬਰ ਨੂੰ ਬਠਿੰਡਾ ਕੈਂਟ ਖੇਤਰ ਦੇ ਬਾਹਰ ਕੀਤੀ ਗਈ। ਕਾਊਂਟਰ ਇੰਟੈਲੀਜੈਂਸ ਬਠਿੰਡਾ, ਮਿਲਟਰੀ ਇੰਟੈਲੀਜੈਂਸ ਯੂਨਿਟ ਬਠਿੰਡਾ (ਸਾਊਥ ਵੈਸਟਰਨ ਕਮਾਂਡ) ਅਤੇ ਸਥਾਨਕ ਪੁਲਿਸ ਨੇ ਸਾਂਝੇ ਤੌਰ ’ਤੇ ਮੁਲਜ਼ਮ ਨੂੰ ਕਾਬੂ ਕੀਤਾ। ਅਧਿਕਾਰੀਆਂ ਅਨੁਸਾਰ, ਮੁਲਜ਼ਮ ਤੋਂ ਪੁੱਛਗਿੱਛ ਦੌਰਾਨ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਸ ਨੇ ਕਿਹੜੇ-ਕਿਹੜੇ ਫੌਜੀ ਅਦਾਰਿਆਂ ਦੀ ਜਾਣਕਾਰੀ ਇਕੱਠੀ ਕੀਤੀ ਅਤੇ ਇਹ ਸੂਚਨਾਵਾਂ ਪਾਕਿਸਤਾਨ ਤੱਕ ਕਿਸ ਮਾਧਿਅਮ ਰਾਹੀਂ ਪਹੁੰਚਾਈਆਂ ਗਈਆਂ।

ਮੋਬਾਈਲ ’ਚ ਮਿਲੀਆਂ ਕੈਂਟ ਦੀਆਂ ਤਸਵੀਰਾਂ ਅਤੇ ਲੋਕੇਸ਼ਨ
ਪੁਲਿਸ ਮੁਤਾਬਕ, ਮੁਲਜ਼ਮ ਕੋਲੋਂ ਇੱਕ ਮੋਬਾਈਲ ਫੋਨ ਮਿਲਿਆ ਹੈ। ਫੋਨ ਦੀ ਜਾਂਚ ਦੌਰਾਨ ਕੁਝ ਚੈਟ, ਬਠਿੰਡਾ ਫੌਜੀ ਛਾਉਣੀ ਦੀ ਲੋਕੇਸ਼ਨ ਅਤੇ ਉੱਥੋਂ ਦੀਆਂ ਤਸਵੀਰਾਂ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਹਾਲਾਂਕਿ, ਪੁਲਿਸ ਨੇ ਕਿਹਾ ਹੈ ਕਿ ਮੁਲਜ਼ਮ ਕੋਲੋਂ ਹੋਰ ਕੋਈ ਸ਼ੱਕੀ ਵਸਤੂ ਬਰਾਮਦ ਨਹੀਂ ਹੋਈ। ਜਾਂਚ ਏਜੰਸੀਆਂ ਹੁਣ ਮੋਬਾਈਲ ਵਿੱਚ ਮਿਲੇ ਡਾਟਾ ਦੇ ਆਧਾਰ ’ਤੇ ਉਸ ਦੇ ਸੰਪਰਕਾਂ ਅਤੇ ਕਥਿਤ ਜਾਸੂਸੀ ਗਤੀਵਿਧੀਆਂ ਦੀ ਜਾਂਚ ਕਰ ਰਹੀਆਂ ਹਨ।

ਫਿਰੋਜ਼ਪੁਰ ਵਿੱਚ ਪਹਿਲਾਂ ਵੀ ਦਰਜ ਹਨ ਤਿੰਨ ਮਾਮਲੇ
ਪੁਲਿਸ ਅਨੁਸਾਰ, ਸਤਨਾਮ ਸਿੰਘ ਖ਼ਿਲਾਫ਼ ਫਿਰੋਜ਼ਪੁਰ ਜ਼ਿਲ੍ਹੇ ਵਿੱਚ ਪਹਿਲਾਂ ਵੀ ਤਿੰਨ ਮਾਮਲੇ ਦਰਜ ਹਨ। ਇਨ੍ਹਾਂ ਵਿੱਚ 2022 ਦਾ ਥਾਣਾ ਸਦਰ ਫਿਰੋਜ਼ਪੁਰ ਦਾ ਕੇਸ, 2026 ਦਾ ਆਰਮਜ਼ ਐਕਟ ਮਾਮਲਾ ਅਤੇ ਥਾਣਾ ਆਰਿਫ਼ਕੇ ਵਿੱਚ 6.25 ਕਿਲੋ ਹੈਰੋਇਨ ਦੀ ਬਰਾਮਦਗੀ ਨਾਲ ਸਬੰਧਤ NDPS ਕੇਸ ਸ਼ਾਮਲ ਹਨ। ਆਰਮਜ਼ ਐਕਟ ਦੇ ਮਾਮਲੇ ਵਿੱਚ ਡਰੋਨ ਅਤੇ ਕਾਰਤੂਸਾਂ ਦੀ ਬਰਾਮਦਗੀ ਦਾ ਪੱਖ ਵੀ ਸਾਹਮਣੇ ਆਇਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਇਨ੍ਹਾਂ ਮਾਮਲਿਆਂ ਵਿੱਚ ਵੀ ਲੋੜੀਂਦਾ ਸੀ। ਏਜੰਸੀਆਂ ਹੁਣ ਇਹ ਪਤਾ ਲਗਾ ਰਹੀਆਂ ਹਨ ਕਿ ਮੁਲਜ਼ਮ ਦੇ ਪਾਕਿਸਤਾਨੀ ਸੰਪਰਕ ਕੌਣ ਸਨ, ਉਸ ਦੀਆਂ ਕਥਿਤ ਜਾਸੂਸੀ ਗਤੀਵਿਧੀਆਂ ਦਾ ਪੁਰਾਣੇ ਮਾਮਲਿਆਂ ਨਾਲ ਕੋਈ ਸਬੰਧ ਸੀ ਜਾਂ ਨਹੀਂ ਅਤੇ ਉਹ ਕਿਸੇ ਵੱਡੇ ਨੈੱਟਵਰਕ ਦਾ ਹਿੱਸਾ ਸੀ ਜਾਂ ਇਕੱਲਾ ਕੰਮ ਕਰ ਰਿਹਾ ਸੀ।