ਵੱਡੀ ਖ਼ਬਰ: ਏਅਰਪੋਰਟ ’ਤੇ ਤੁਰਕੀ ਅਤੇ ਇਜ਼ਰਾਇਲੀ ਫੁੱਟਬਾਲ ਪ੍ਰੇਮੀਆਂ ਵਿਚਾਲੇ ਝੜਪ
ਜਾਰਜੀਆ 29 ਨਵੰਬਰ 2026- ਜਾਰਜੀਆ ਦੇ ਬਾਤੂਮੀ ਹਵਾਈ ਅੱਡੇ ’ਤੇ ਉਸ ਸਮੇਂ ਤਣਾਅ ਵਾਲਾ ਮਾਹੌਲ ਬਣ ਗਿਆ, ਜਦੋਂ ਤੁਰਕੀ ਅਤੇ ਇਜ਼ਰਾਇਲ ਦੇ ਫੁੱਟਬਾਲ ਪ੍ਰੇਮੀ ਆਪਸ ਵਿੱਚ ਭਿੜ ਗਏ। ਖ਼ਰਾਬ ਮੌਸਮ ਕਾਰਨ ਇਜ਼ਰਾਇਲੀ ਫੁੱਟਬਾਲ ਕਲੱਬ ਹਾਪੋਏਲ ਬੀਅਰ ਸ਼ੇਵਾ ਅਤੇ ਤੁਰਕੀ ਦੇ ਕਲੱਬ ਬੇਸ਼ਿਕਤਾਸ ਦੇ ਸਮਰਥਕ ਜਾਰਜੀਆ ਵਿੱਚ ਫਸ ਗਏ ਸਨ।
ਇਸੇ ਦੌਰਾਨ ਦੋਵਾਂ ਧਿਰਾਂ ਵਿਚਾਲੇ ਤਕਰਾਰ ਵਧ ਗਈ ਅਤੇ ਗੱਲ ਹੱਥੋਪਾਈ ਤੱਕ ਪਹੁੰਚ ਗਈ। ਸੁਰੱਖਿਆ ਕਰਮਚਾਰੀਆਂ ਨੇ ਦਖ਼ਲ ਦੇ ਕੇ ਦੋਵਾਂ ਧਿਰਾਂ ਨੂੰ ਵੱਖ ਕੀਤਾ।
ਚਸ਼ਮਦੀਦਾਂ ਅਨੁਸਾਰ, ਤੁਰਕੀ ਦੇ ਫੁੱਟਬਾਲ ਸਮਰਥਕਾਂ ਨੇ ਆਪਣੇ ਦੇਸ਼ ਦੇ ਝੰਡੇ ਲਹਿਰਾਉਂਦਿਆਂ ਇਜ਼ਰਾਇਲੀਆਂ ’ਤੇ ਤਨਜ਼ ਕੱਸੇ। ਇਸ ਦੇ ਜਵਾਬ ਵਿੱਚ ਹਾਪੋਏਲ ਬੀਅਰ ਸ਼ੇਵਾ ਦੇ ਸਮਰਥਕਾਂ ਨੇ ਇਜ਼ਰਾਇਲ ਦਾ ਝੰਡਾ ਲਹਿਰਾਇਆ, ਜਿਸ ਤੋਂ ਬਾਅਦ ਮਾਹੌਲ ਹੋਰ ਤਣਾਅਪੂਰਨ ਹੋ ਗਿਆ।
ਇਸ ਦੌਰਾਨ ਬੇਸ਼ਿਕਤਾਸ ਦੇ ਸਮਰਥਕਾਂ ਵੱਲੋਂ ਇਜ਼ਰਾਇਲ ਵਿਰੋਧੀ ਨਾਅਰੇਬਾਜ਼ੀ ਵੀ ਕੀਤੀ ਗਈ।
ਦੱਸਿਆ ਜਾ ਰਿਹਾ ਹੈ ਕਿ ਹਾਪੋਏਲ ਬੀਅਰ ਸ਼ੇਵਾ ਦੀ ਟੀਮ ਦੇ ਖਿਡਾਰੀਆਂ ਅਤੇ ਅਮਲੇ ਦਾ ਇਸ ਘਟਨਾ ਨਾਲ ਕੋਈ ਸਬੰਧ ਨਹੀਂ ਸੀ। ਉਨ੍ਹਾਂ ਨੂੰ ਸੁਰੱਖਿਆ ਦੇ ਮੱਦੇਨਜ਼ਰ ਵੱਖਰੇ ਕਮਰੇ ਵਿੱਚ ਰੱਖਿਆ ਗਿਆ ਸੀ।





