ਚੰਡੀਗੜ੍ਹ, 19 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਪੰਜਾਬ ਮੁੱਖ ਚੋਣ ਅਫਸਰ ਸਿਬਿਨ ਸੀ ਨੇ ਅੱਜ ਲਾਈਵ ਹੋ ਕੇ ਲੋਕਾਂ ਨਾਲ ਗੱਲਬਾਤ ਕੀਤੀ ਅਤੇ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੱਤਾ। ਇਸ ਦੌਰਾਨ ਸਿਬਿਨ ਸੀ ਨੇ ਕਿਹਾਕਿ ਵੋਟਰਾਂ ਦੀ ਸਹੂਲਤ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ।
ਲਾਈਵ ਦੌਰਾਨ ਪੁੱਛੇ ਗਏ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਚੋਣ ਅਧਿਕਾਰੀ ਨੇ ਦੱਸਿਆ ਕਿ ਇਸ ਵਾਰ ਚੋਣਾਂ ਵਿੱਚ 25,500 ਦੇ ਕਰੀਬ ਮੁਲਾਜ਼ਮਾਂ ਦੀਆਂ ਚੋਣ ਡਿਊਟੀ ਲਗਾਈ ਗਈ ਹੈ। ਪ੍ਰੰਤੂ ਇਸ ਵਿੱਚ ਕਰੀਬ 14 ਹਜ਼ਾਰ ਅਧਿਆਪਕ ਹਨ ਜਿੰਨਾਂ ਦੀ ਚੋਣਾਂ ਵਿੱਚ ਡਿਊਟੀ ਲਗਾਈ ਗਈ ਹੈ।
ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਸਮਝਦਾ ਹੈ ਕਿ ਅਧਿਆਪਕਾਂ ਦੀ ਡਿਊਟੀ ਨਾਲ ਵਿਦਿਆਰਥੀਆਂ ਦੀ ਪੜ੍ਹਾਈ ਉਤੇ ਅਸਰ ਪੈਂਦਾ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਅਗਲੇ ਸਾਲ ਤੋਂ ਅਧਿਆਪਕਾਂ ਦੀ ਗਿਣਤੀ ਘੱਟ ਕਰਨ ਦਾ ਯਤਨ ਕੀਤਾ ਜਾਵੇਗਾ। ਇਕ ਹੋਰ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇਹ ਕੋਸ਼ਿਸ਼ ਕੀਤੀ ਜਾਵੇਗੀ ਕਿ ਮਹਿਲਾ ਮੁਲਾਜ਼ਮਾਂ ਦੀ ਡਿਊਟੀ ਘਰ ਦੇ ਨੇੜੇ ਹੀ ਲਗਾਈ ਜਾਵੇਗੀ।