ਬਰਨਾਲਾ, 19 ਅਪ੍ਰੈਲ, ਦੇਸ਼ ਕਲਿਕ ਬਿਊਰੋ:
ਬਰਨਾਲਾ 'ਚ ਤੇਜ਼ ਰਫਤਾਰ ਸਕੂਲੀ ਬੱਸ ਅਤੇ ਟਰੱਕ ਵਿਚਾਲੇ ਹੋਈ ਟੱਕਰ 'ਚ ਬੱਸ ਦੇ ਡਰਾਈਵਰ ਤੇ ਹੈਲਪਰ ਸਮੇਤ 14 ਸਕੂਲੀ ਬੱਚੇ ਜ਼ਖਮੀ ਹੋ ਗਏ। ਸਾਰੇ ਜ਼ਖਮੀਆਂ ਨੂੰ ਇਲਾਜ ਲਈ ਸਿਵਲ ਹਸਪਤਾਲ ਧਨੌਲਾ ਵਿਖੇ ਦਾਖਲ ਕਰਵਾਇਆ ਗਿਆ ਹੈ। ਇਹ ਹਾਦਸਾ ਬਰਨਾਲਾ-ਚੰਡੀਗੜ੍ਹ ਮੁੱਖ ਸੜਕ 'ਤੇ ਧਨੌਲਾ ਨੇੜੇ ਵਾਪਰਿਆ।
ਜਾਣਕਾਰੀ ਅਨੁਸਾਰ ਹਾਦਸੇ ਦਾ ਸ਼ਿਕਾਰ ਹੋਈ ਬੱਸ ਪਿੰਡ ਦਾਨਗੜ੍ਹ ਦੇ ਗਰੀਨ ਫੀਲਡ ਕਾਨਵੈਂਟ ਸਕੂਲ ਦੀ ਸੀ। ਇਹ ਘਟਨਾ ਅੱਜ ਸਵੇਰੇ 8 ਵਜੇ ਦੇ ਕਰੀਬ ਉਸ ਸਮੇਂ ਵਾਪਰੀ ਜਦੋਂ ਬੱਸ ਵੱਖ-ਵੱਖ ਪਿੰਡਾਂ ਤੋਂ ਬੱਚਿਆਂ ਨੂੰ ਸਕੂਲ ਲੈ ਕੇ ਜਾ ਰਹੀ ਸੀ।
ਬੱਸ ਡਰਾਈਵਰ ਨੇ ਦੱਸਿਆ ਕਿ ਉਹ ਗ੍ਰੀਨ ਫੀਲਡ ਸਕੂਲ ਦਾਨਗੜ੍ਹ ਦੀ ਬੱਸ ਚਲਾਉਂਦਾ ਹੈ। ਅੱਜ ਸਵੇਰੇ ਜਦੋਂ ਉਹ ਆਪਣੇ ਬੱਚਿਆਂ ਨਾਲ ਸਕੂਲ ਜਾ ਰਿਹਾ ਸੀ ਤਾਂ ਸਾਹਮਣੇ ਤੋਂ ਆ ਰਹੇ ਟਰੱਕ ਨਾਲ ਬੱਸ ਦੀ ਟੱਕਰ ਹੋ ਗਈ। ਉਨ੍ਹਾਂ ਦੱਸਿਆ ਕਿ ਬੱਸ ਵਿੱਚ 40 ਦੇ ਕਰੀਬ ਬੱਚੇ ਸਵਾਰ ਸਨ, ਜਿਨ੍ਹਾਂ ਵਿੱਚੋਂ 14 ਬੱਚੇ ਹਾਦਸੇ ਵਿੱਚ ਜ਼ਖ਼ਮੀ ਹੋ ਗਏ।ਜ਼ਖਮੀਆਂ ਵਿੱਚ ਬੱਸ ਦਾ ਡਰਾਈਵਰ ਅਤੇ ਹੈਲਪਰ ਵੀ ਸ਼ਾਮਲ ਹਨ। ਸਾਰੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਧਨੌਲਾ ਵਿਖੇ ਦਾਖਲ ਕਰਵਾਇਆ ਗਿਆ ਹੈ।04:46 PM