ਗੁਰਦਾਸਪੁਰ , 2 ਮਈ: ਦੇਸ਼ ਕਲਿੱਕ ਬਿਊਰੋ:
ਗੁਰਦਾਸਪੁਰ ਦੇ ਬਲਾਕ ਕਾਹਨੂੰਵਾਨ ਦੇ ਪਿੰਡ ਝੰਡਾ ਲੁਬਾਣਾ ਦੇ ਇਕ ਵਿਦਿਆਰਥੀ ਨੇ ਕਸਬਾ ਦਸੂਆ ਦੇ ਨਾਮੀ ਨਿੱਜੀ ਸਕੂਲ ਪ੍ਰਸ਼ਾਸ਼ਨ ਤੋਂ ਤੰਗ ਹੋ ਕੇ ਜੀਵਨ ਲੀਲ੍ਹਾ ਖ਼ਤਮ ਕਰ ਲਈ ਹੈ। ਜਾਣਕਾਰੀ ਅਨੁਸਾਰ 15 ਵਰਿਆਂ ਦਾ ਨਵਜੋਤ ਸਿੰਘ ਨੇੜਲੇ ਸ਼ਹਿਰ ਦਸੂਹਾ ਦੇ ਇਕ ਨਾਮੀ ਨਿੱਜੀ ਸਕੂਲ ਵਿਚ ਪੜਦਾ ਸੀ।
ਬੀਤੇ 27 ਅਪ੍ਰੈਲ ਨੂੰ ਉਸ ਨੂੰ ਸਕੂਲ ਪ੍ਰਸ਼ਾਸ਼ਨ ਵਲੋਂ ਕੋਈ ਮਾਮੂਲੀ ਗ਼ਲਤੀ ਕਰਕੇ ਸਖ਼ਤ ਸਜਾ ਦਿੱਤੀ ਗਈ, ਅਤੇ ਦੋ ਪੀਰੀਅਡ ਧੁੱਪ ਵਿੱਚ ਖੜਾ ਰੱਖਿਆ ਗਿਆ ਜਿਸ ਤੋਂ ਪ੍ਰੇਸ਼ਾਨ ਹੋ ਕੇ ਨਵਜੋਤ ਸਿੰਘ ਨੇ ਕੋਈ ਜ਼ਹਿਰੀਲੀ ਦਵਾਈ ਨਿਗਲ ਲਈ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। ਇਸ ਦੌਰਾਨ ਜ਼ੇਰੇ ਇਲਾਜ ਨਵਜੋਤ ਸਿੰਘ ਦੀ ਕਈ ਦਿਨ ਦੀ ਜੱਦੋ-ਜਹਿਦ ਤੋਂ ਬਾਅਦ ਮੌਤ ਹੋ ਗਈ। ਪਰਿਵਾਰ ਵੱਲੋਂ ਸਿਹਰੇ ਨਾਲ ਸਜਾ ਕੇ ਨਵਜੋਤ ਸਿੰਘ ਦਾ ਅੰਤਿਮ ਸਸਕਾਰ ਕੀਤਾ ਗਿਆ।
ਇਸ ਦੌਰਾਨ, ਗੁਰਦਾਸਪੁਰ ਪੁਲਿਸ ਨੇ ਪਰਿਵਾਰ ਦੀ ਸ਼ਿਕਾਇਤ ‘ਤੇ ਸਕੂਲ ਵਿਰੁੱਧ ਖੁਦਕੁਸ਼ੀ ਲਈ ਉਕਸਾਉਣ ਦੇ ਦੋਸ਼ ਵਿੱਚ ਐਫਆਈਆਰ ਦਰਜ ਕੀਤੀ ਹੈ। ਡੀਐਸਪੀ ਕੁਲਵੰਤ ਸਿੰਘ ਮਾਨ ਨੇ ਦੱਸਿਆ ਕਿ 27 ਅਪ੍ਰੈਲ ਨੂੰ ਸਕੂਲ ਵਿੱਚ ਵਾਪਰੀ ਘਟਨਾ ਤੋਂ ਬਾਅਦ ਨਵਜੋਤ ਨੇ ਜ਼ਹਿਰ ਖਾ ਲਿਆ ਸੀ। ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਨਵਜੋਤ ਦੀ ਮਾਂ ਦੇ ਬਿਆਨ ਦੇ ਆਧਾਰ ‘ਤੇ, ਆਈਪੀਸੀ ਦੀ ਧਾਰਾ 108 (ਖੁਦਕੁਸ਼ੀ ਲਈ ਉਕਸਾਉਣਾ) ਦੇ ਤਹਿਤ ਭੈਣੀ ਮੀਆਂ ਖਾਨ ਪੁਲਿਸ ਸਟੇਸ਼ਨ ਵਿੱਚ ਐਫਆਈਆਰ ਨੰਬਰ 50 ਦਰਜ ਕੀਤੀ ਗਈ ਹੈ। ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ।



