ਵੱਡੀ ਖ਼ਬਰ: ਚੋਣਾਂ ਤੋਂ ਪਹਿਲਾਂ ਨਵੇਂ ਬਣੇ ਅਕਾਲੀ ਧੜੇ ਹੋਏ ਦੋਫਾੜ

ਪੰਜਾਬ
  • ਵੱਡੀ ਖ਼ਬਰ: ‘ਅਕਾਲੀ ਦਲ-ਵਾਰਿਸ ਪੰਜਾਬ ਦੇ’ ਅਤੇ ‘ਅਕਾਲੀ ਦਲ-ਪੁਨਰ ਸੁਰਜੀਤ’ ਵਿਚਾਲੇ ਪੰਥਕ ਏਕਤਾ ਦੀ ਕੋਸ਼ਿਸ਼ ਟੁੱਟੀ; ਤਾਲਮੇਲ ਕਮੇਟੀ ਭੰਗ

ਅੰਮ੍ਰਿਤਸਰ, 17 ਮਈ 2026: ਦੇਸ਼-ਵਿਦੇਸ਼ ਵਿੱਚ ਵੱਸਦੀਆਂ ਸਿੱਖ ਸੰਗਤਾਂ ਦੀਆਂ ਭਾਵਨਾਵਾਂ ਅਤੇ ਪੰਥਕ ਏਕਤਾ ਨੂੰ ਮੁੱਖ ਰੱਖਦਿਆਂ ਆਰੰਭੀ ਗਈ ਗਠਜੋੜ ਦੀ ਮੁਹਿੰਮ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ, ਜਦੋਂ ‘ਅਕਾਲੀ ਦਲ-ਵਾਰਿਸ ਪੰਜਾਬ ਦੇ’ ਅਤੇ ‘ਅਕਾਲੀ ਦਲ-ਪੁਨਰ ਸੁਰਜੀਤ’ ਧਿਰ ਵਿਚਕਾਰ ਬਣੀ ਸਾਂਝੀ 8 ਮੈਂਬਰੀ “ਪੰਥਕ ਏਕਤਾ ਤਾਲਮੇਲ ਕਮੇਟੀ” ਖਿੰਡ ਗਈ। ਦੋਵਾਂ ਧਿਰਾਂ ਵਿਚਕਾਰ ਕਈ ਅਹਿਮ ਮੀਟਿੰਗਾਂ ਅਤੇ ਲੰਬੇ ਵਿਚਾਰ-ਵਟਾਂਦਰੇ ਤੋਂ ਬਾਅਦ ਵੀ ਕੁਝ ਮੂਲ ਅਤੇ ਸਿਧਾਂਤਕ ਮੁੱਦਿਆਂ ’ਤੇ ਆਪਸੀ ਸਹਿਮਤੀ ਨਹੀਂ ਬਣ ਸਕੀ, ਜਿਸ ਕਾਰਨ ਇਹ ਤਾਲਮੇਲ ਅੱਗੇ ਨਹੀਂ ਵੱਧ ਸਕਿਆ।

ਇਸ ਸਬੰਧੀ ਪ੍ਰੈੱਸ ਬਿਆਨ ਜਾਰੀ ਕਰਦਿਆਂ ‘ਅਕਾਲੀ ਦਲ-ਵਾਰਿਸ ਪੰਜਾਬ ਦੇ’ ਦੀ ਚਾਰ ਮੈਂਬਰੀ ਤਾਲਮੇਲ ਕਮੇਟੀ ਦੇ ਸੀਨੀਅਰ ਮੈਂਬਰਾਂ ਬਾਬੂ ਸਿੰਘ ਬਰਾੜ, ਭਾਈ ਪਰਮਜੀਤ ਸਿੰਘ ਜੌਹਲ, ਭਾਈ ਪ੍ਰਗਟ ਸਿੰਘ ਰਈਆ ਅਤੇ ਭਾਈ ਰਛਪਾਲ ਸਿੰਘ ਸੋਸਣ ਨੇ ਦੂਜੀ ਧਿਰ ‘ਤੇ ਗੰਭੀਰ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸੰਗਤਾਂ ਦੀ ਇਹ ਸਪੱਸ਼ਟ ਭਾਵਨਾ ਹੈ ਕਿ ਪੰਥ ਅਤੇ ਪੰਜਾਬ ਦੀ ਅਗਵਾਈ ਸਿਰਫ਼ ਇਮਾਨਦਾਰ ਅਤੇ ਸਾਫ਼-ਸੁਥਰੇ ਅਕਸ ਵਾਲੇ ਆਗੂਆਂ ਦੇ ਹੱਥ ਹੋਣੀ ਚਾਹੀਦੀ ਹੈ।

ਉਨ੍ਹਾਂ ਖ਼ੁਲਾਸਾ ਕੀਤਾ ਕਿ ਕਮੇਟੀ ਦੇ ਗਠਨ ਵੇਲੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 2 ਦਸੰਬਰ ਨੂੰ ਜਾਰੀ ਹੋਏ ਹੁਕਮਨਾਮੇ ਦੀ ਰੌਸ਼ਨੀ ਵਿੱਚ ਇਹ ਤੈਅ ਹੋਇਆ ਸੀ ਕਿ ਜਿਹੜੇ ਆਗੂ ਪੰਥ ਦੀ ਅਗਵਾਈ ਕਰਨ ਦਾ ਨੈਤਿਕ ਆਧਾਰ ਗੁਆ ਚੁੱਕੇ ਹਨ, ਉਨ੍ਹਾਂ ਨੂੰ ਲੀਡਰਸ਼ਿਪ ਤੋਂ ਦੂਰ ਰੱਖਿਆ ਜਾਵੇਗਾ। ਪਰ ਦੂਜੀ ਧਿਰ ਨੇ ਨਾ ਸਿਰਫ਼ ਅਜਿਹੇ ਵਿਵਾਦਤ ਆਗੂਆਂ ਨੂੰ ਸਨਮਾਨਿਤ ਅਹੁਦੇ ਦਿੱਤੇ, ਸਗੋਂ ਪਾਰਟੀ ਦੀ ਕਮਾਨ ਵੀ ਉਨ੍ਹਾਂ ਦੇ ਹੱਥ ਸੌਂਪ ਦਿੱਤੀ, ਜੋ ਕਿ ਸੰਗਤਾਂ ਦੀਆਂ ਉਮੀਦਾਂ ਦੇ ਬਿਲਕੁਲ ਉਲਟ ਹੈ।

‘ਅਕਾਲੀ ਦਲ-ਵਾਰਿਸ ਪੰਜਾਬ ਦੇ’ ਦੀ ਲੀਡਰਸ਼ਿਪ ਨੇ ਦੋਸ਼ ਲਗਾਇਆ ਕਿ ਦੂਜੀ ਧਿਰ ਦੇ ਕੁਝ ਆਗੂਆਂ ਵੱਲੋਂ ਲਗਾਤਾਰ ਗੈਰ-ਜਿੰਮੇਵਾਰਾਨਾ ਬਿਆਨਬਾਜ਼ੀ ਕੀਤੀ ਜਾ ਰਹੀ ਸੀ, ਜਿਸ ਨਾਲ ਇਸ ਗਠਜੋੜ ਦੀ ਬੁਨਿਆਦ ਹੀ ਕਮਜ਼ੋਰ ਹੋ ਰਹੀ ਸੀ। ਇਸ ਸਥਿਤੀ ਨੂੰ ਵੇਖਦਿਆਂ ਅਤੇ ਆਪਣੀ ਸੀਨੀਅਰ ਲੀਡਰਸ਼ਿਪ ਨਾਲ ਵਿਸਥਾਰਤ ਰਾਇ-ਮਸ਼ਵਰਾ ਕਰਨ ਉਪਰੰਤ ਪਾਰਟੀ ਨੇ ਇਸ ਤਾਲਮੇਲ ਨੂੰ ਖ਼ਤਮ ਕਰਨ ਦਾ ਰਸਮੀ ਫ਼ੈਸਲਾ ਲਿਆ ਹੈ।

ਤਾਲਮੇਲ ਕਮੇਟੀ ਨੇ ਦੂਜੀ ਧਿਰ ਵਿੱਚ ਮੌਜੂਦ ਕੁਝ ਚੰਗੇ ਆਗੂਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਉੱਥੇ ਕਈ ਸੁਹਿਰਦ, ਪੰਥਕ ਸੋਚ ਵਾਲੇ ਅਤੇ ਸਾਫ਼ ਅਕਸ ਦੇ ਆਗੂ ਮੌਜੂਦ ਹਨ ਜਿਨ੍ਹਾਂ ਨੇ ਇਸ ਏਕਤਾ ਨੂੰ ਸਫ਼ਲ ਬਣਾਉਣ ਲਈ ਇਮਾਨਦਾਰ ਕੋਸ਼ਿਸ਼ਾਂ ਕੀਤੀਆਂ, ਪਰ ਮੌਜੂਦਾ ਹਾਲਾਤਾਂ ਵਿੱਚ ਉਹ ਖੁਦ ਵੀ ਲੀਡਰਸ਼ਿਪ ਅੱਗੇ ਬੇਵੱਸ ਨਜ਼ਰ ਆ ਰਹੇ ਹਨ।

ਬਿਆਨ ਦੇ ਅਖੀਰ ਵਿੱਚ ਸਪੱਸ਼ਟ ਕੀਤਾ ਗਿਆ ਕਿ ਅਜਿਹੇ ਇਮਾਨਦਾਰ ਅਤੇ ਸੁਹਿਰਦ ਪੰਥਕ ਆਗੂਆਂ ਲਈ ‘ਅਕਾਲੀ ਦਲ-ਵਾਰਿਸ ਪੰਜਾਬ ਦੇ’ ਦੇ ਦਰਵਾਜ਼ੇ ਹਮੇਸ਼ਾਂ ਖੁੱਲ੍ਹੇ ਰਹਿਣਗੇ ਅਤੇ ਪੰਜਾਬ ਦੀ ਚੜ੍ਹਦੀ ਕਲਾ ਲਈ ਸਾਫ਼-ਸੁਥਰੀ ਪੰਥਕ ਸਿਆਸਤ ਦਾ ਸੰਘਰਸ਼ ਨਿਰੰਤਰ ਜਾਰੀ ਰਹੇਗਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।