ਵੱਡੀ ਖ਼ਬਰ: ਪੰਜਾਬ ਵਿਜੀਲੈਂਸ ਵੱਲੋਂ 2 ਸਾਬਕਾ ਅਧਿਕਾਰੀਆਂ ਸਮੇਤ ਤਿੰਨ ਕਾਬੂ !

ਪੰਜਾਬ
  • ਨਿੱਜੀ ਬਿਲਡਰ ਨੂੰ ਫਾਇਦਾ ਪਹੁੰਚਾਉਣ ਲਈ ਸਰਕਾਰੀ ਫੰਡਾਂ ਦੀ ਕਥਿਤ ਦੁਰਵਰਤੋਂ ਦਾ ਮਾਮਲਾ
  • ਸਾਲ 2021 ਤੋਂ ਚੱਲ ਰਹੀ ਸੀ ਜਾਂਚ; ਭ੍ਰਿਸ਼ਟਾਚਾਰ ਰੋਕੂ ਐਕਟ ਸਮੇਤ ਕਈ ਗੰਭੀਰ ਧਾਰਾਵਾਂ ਤਹਿਤ ਮੁਕੱਦਮਾ ਦਰਜ

ਲੁਧਿਆਣਾ, 20 ਮਈ 2026: ਪੰਜਾਬ ਵਿਜੀਲੈਂਸ ਬਿਊਰੋ ਨੇ ਬੁੱਧਵਾਰ ਸਵੇਰੇ ਇੱਕ ਵੱਡੀ ਕਾਰਵਾਈ ਕਰਦਿਆਂ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਵਿੱਚ ਅਕਾਲੀ ਸਰਕਾਰ ਵੇਲੇ ਹੋਈਆਂ ਕਥਿਤ ਵਿੱਤੀ ਬੇਨਿਯਮੀਆਂ ਅਤੇ ਸਰਕਾਰੀ ਫੰਡਾਂ ਦੀ ਦੁਰਵਰਤੋਂ ਦੇ ਮਾਮਲੇ ਵਿੱਚ ਵੱਡਾ ਐਕਸ਼ਨ ਲਿਆ ਹੈ।

ਵਿਜੀਲੈਂਸ ਬਿਊਰੋ ਦੇ ਆਰਥਿਕ ਅਪਰਾਧ ਵਿੰਗ (Economic Offences Wing), ਲੁਧਿਆਣਾ ਨੇ ਪਾਵਰਕਾਮ ਦੇ ਸਾਬਕਾ ਸੀ.ਐਮ.ਡੀ. (CMD) ਕੇ.ਡੀ. ਚੌਧਰੀ, ਸਾਬਕਾ ਡਿਪਟੀ ਚੀਫ਼ ਇੰਜੀਨੀਅਰ ਸੰਜੀਵ ਪ੍ਰਭਾਕਰ ਅਤੇ ਇੱਕ ਨਿੱਜੀ ਬਿਲਡਰ ਅਮਿਤ ਗਰਗ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਗ੍ਰਿਫ਼ਤਾਰੀਆਂ ਦੋਵਾਂ ਸਾਬਕਾ ਅਧਿਕਾਰੀਆਂ ਦੀਆਂ ਲੁਧਿਆਣਾ ਸਥਿਤ ਰਿਹਾਇਸ਼ਾਂ ਤੋਂ ਅਮਲ ਵਿੱਚ ਲਿਆਂਦੀਆਂ ਗਈਆਂ ਹਨ।

ਵਿਜੀਲੈਂਸ ਦੀ ਪੜਤਾਲ ਦੌਰਾਨ ਇਹ ਸਾਹਮਣੇ ਆਇਆ ਹੈ ਕਿ ਇਨ੍ਹਾਂ ਉੱਚ ਅਧਿਕਾਰੀਆਂ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਨਿਯਮਾਂ ਨੂੰ ਪੂਰੀ ਤਰ੍ਹਾਂ ਛਿੱਕੇ ਟੰਗ ਕੇ ਲੁਧਿਆਣਾ ਦੀ ‘ਬਸੰਤ ਸਿਟੀ’ ਸਥਿਤ ਇੱਕ ਨਿੱਜੀ ਹਾਊਸਿੰਗ ਕਲੋਨੀ ਦੇ ਬਿਲਡਰ ਨੂੰ ਨਾਜਾਇਜ਼ ਫਾਇਦਾ ਪਹੁੰਚਾਇਆ।

ਨਿਯਮਾਂ ਅਨੁਸਾਰ, ਕਿਸੇ ਵੀ ਪ੍ਰਾਈਵੇਟ ਕਲੋਨੀ ਦੇ ਅੰਦਰ 66 ਕੇ.ਵੀ. (KV) ਦਾ ਬਿਜਲੀ ਸਬ-ਸਟੇਸ਼ਨ ਸਥਾਪਤ ਕਰਨ ਦਾ ਪੂਰਾ ਖ਼ਰਚਾ ਸਬੰਧਤ ਬਿਲਡਰ ਨੇ ਖੁਦ ਆਪਣੇ ਕੋਲੋਂ ਕਰਨਾ ਹੁੰਦਾ ਹੈ। ਪਰ ਤਤਕਾਲੀ ਐਸ.ਡੀ.ਓ. ਸੰਜੀਵ ਪ੍ਰਭਾਕਰ (ਜੋ ਬਾਅਦ ਵਿੱਚ ਡਿਪਟੀ ਚੀਫ਼ ਇੰਜੀਨੀਅਰ ਵਜੋਂ ਸੇਵਾਮੁਕਤ ਹੋਏ) ਅਤੇ ਤਤਕਾਲੀ ਸੀ.ਐਮ.ਡੀ. ਕੇ.ਡੀ. ਚੌਧਰੀ ਨੇ ਆਪਸੀ ਮਿਲੀਭੁਗਤ ਨਾਲ ਬਿਲਡਰ ਅਮਿਤ ਗਰਗ ਨੂੰ ਲਾਹਾ ਪਹੁੰਚਾਉਣ ਲਈ ਸਰਕਾਰੀ ਫੰਡਾਂ ਦੀ ਵਰਤੋਂ ਕਰਕੇ ਇਹ ਸਬ-ਸਟੇਸ਼ਨ ਲਗਾ ਦਿੱਤਾ, ਜਿਸ ਨਾਲ ਸਰਕਾਰੀ ਖ਼ਜ਼ਾਨੇ ਨੂੰ ਮੋਟਾ ਚੂਨਾ ਲਗਾਇਆ ਗਿਆ।

ਜ਼ਿਕਰਯੋਗ ਹੈ ਕਿ ਪਾਵਰਕਾਮ ਦੇ ਤਾਕਤਵਰ ਅਫ਼ਸਰ ਰਹੇ ਕੇ.ਡੀ. ਚੌਧਰੀ ਸਾਲ 2017 ਵਿੱਚ ਸੇਵਾਮੁਕਤ ਹੋਏ ਸਨ। ਵਿਜੀਲੈਂਸ ਬਿਊਰੋ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਇਸ ਹਾਈ-ਪ੍ਰੋਫਾਈਲ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਸਾਲ 2021 ਤੋਂ ਲਗਾਤਾਰ ਚੱਲ ਰਹੀ ਸੀ।

ਲੰਬੀ ਪੜਤਾਲ ਅਤੇ ਪੁਖ਼ਤਾ ਸਬੂਤ ਇਕੱਠੇ ਕਰਨ ਤੋਂ ਬਾਅਦ ਵਿਜੀਲੈਂਸ ਵੱਲੋਂ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਧਾਰਾਵਾਂ 13(1), 13(2) (PC Act) ਅਤੇ ਆਈ.ਪੀ.ਸੀ. (IPC) ਦੀ ਧਾਰਾ 409 (ਸਰਕਾਰੀ ਫੰਡਾਂ ‘ਚ ਖ਼ਿਆਨਤ) ਤੇ 120-B (ਸਾਜ਼ਿਸ਼ ਘੜਨ) ਤਹਿਤ ਮੁਕੱਦਮਾ ਨੰਬਰ 06/2026 ਦਰਜ ਕੀਤਾ ਗਿਆ ਹੈ।

ਇਸੇ ਐਫ.ਆਈ.ਆਰ. ਦੇ ਆਧਾਰ ‘ਤੇ ਅੱਜ ਸਵੇਰੇ ਜਾਲ ਵਿਛਾ ਕੇ ਤਿੰਨਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਕਾਰਵਾਈ ਜਾਰੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।