ਵੱਡੀ ਖ਼ਬਰ: ਅਕਾਲੀ ਦਲ ਦੇ MC ਚੋਣਾਂ ‘ਚ ਐਲਾਨੇ ਉਮੀਦਵਾਰ ਦੀ ਹਾਰਟ ਅਟੈਕ ਕਾਰਨ ਮੌਤ
ਟਾਂਡਾ ਉੜਮੁੜ, 22 ਜੂਨ, 2026
ਟਾਂਡਾ ਉੜਮੁੜ ਤੋਂ ਇੱਕ ਬਹੁਤ ਹੀ ਮੰਦਭਾਗੀ ਅਤੇ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਅਕਾਲੀ ਦਲ ਵੱਲੋਂ ਆਗਾਮੀ ਨਗਰ ਨਿਗਮ ਚੋਣਾਂ ਲਈ ਵਾਰਡ ਨੰਬਰ 38 ਤੋਂ ਉਮੀਦਵਾਰ ਐਲਾਨੇ ਗਏ ਰਣਧੀਰ ਸਿੰਘ ਭਾਰਜ ਦਾ ਲੰਘੀ ਰਾਤ ਅਚਾਨਕ ਦਿਲ ਦਾ ਦੌਰਾ (ਹਾਰਟ ਅਟੈਕ) ਪੈਣ ਕਾਰਨ ਦੇਹਾਂਤ ਹੋ ਗਿਆ।
ਰਣਧੀਰ ਸਿੰਘ ਭਾਰਜ ਅਕਾਲੀ ਦਲ ਯੂਥ ਵਿੰਗ ਦੇ ਹਲਕਾ ਇੰਚਾਰਜ ਅਤੇ ਪਾਰਟੀ ਦੀ ਕੋਰ ਕਮੇਟੀ ਦੇ ਸਰਗਰਮ ਮੈਂਬਰ ਸਨ।
ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ 5 ਜੁਲਾਈ ਨੂੰ ਨਗਰ ਨਿਗਮ ਚੋਣਾਂ ਕਰਵਾਉਣ ਦੇ ਕੀਤੇ ਗਏ ਐਲਾਨ ਤੋਂ ਬਾਅਦ, ਪਾਰਟੀ ਨੇ ਉਨ੍ਹਾਂ ਦੀਆਂ ਸੇਵਾਵਾਂ ਨੂੰ ਦੇਖਦੇ ਹੋਏ ਵਾਰਡ ਨੰਬਰ 38 ਤੋਂ ਚੋਣ ਮੈਦਾਨ ਵਿੱਚ ਉਤਾਰਿਆ ਸੀ। ਪਰਿਵਾਰਕ ਸੂਤਰਾਂ ਅਨੁਸਾਰ, ਉਨ੍ਹਾਂ ਨੂੰ ਅਚਾਨਕ ‘ਸਾਈਲੈਂਟ ਹਾਰਟ ਅਟੈਕ’ ਆਇਆ, ਜਿਸ ਨਾਲ ਉਨ੍ਹਾਂ ਦੀ ਮੌਤ ਹੋ ਗਈ।
ਰਣਧੀਰ ਸਿੰਘ ਭਾਰਜ ਦੇ ਅਚਾਨਕ ਚਲੇ ਜਾਣ ਦੀ ਖ਼ਬਰ ਮਿਲਦਿਆਂ ਹੀ ਪੂਰੇ ਇਲਾਕੇ ਅਤੇ ਅਕਾਲੀ ਦਲ ਦੇ ਵਰਕਰਾਂ ਤੇ ਸਥਾਨਕ ਲੀਡਰਸ਼ਿਪ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਵੱਖ-ਵੱਖ ਸਿਆਸੀ ਅਤੇ ਸਮਾਜਿਕ ਸ਼ਖ਼ਸੀਅਤਾਂ ਵੱਲੋਂ ਭਾਰਜ ਪਰਿਵਾਰ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਚਲਣੇ ਨੂੰ ਪਾਰਟੀ ਲਈ ਇੱਕ ਵੱਡਾ ਘਾਟਾ ਦੱਸਿਆ ਜਾ ਰਿਹਾ ਹੈ।



