ਗੈਰ-ਕਾਨੂੰਨੀ ਮਾਈਨਿੰਗ ਵਿਰੁੱਧ ਵੱਡਾ ਐਕਸ਼ਨ; ਕਰੋੜਾਂ ਦੀ ਸੰਪਤੀ ਜ਼ਬਤ

Top Trending News ਰਾਸ਼ਟਰੀ

 

ED ਦੀ ਵੱਡੀ ਕਾਰਵਾਈ: ਗੈਰ-ਕਾਨੂੰਨੀ ਮਾਈਨਿੰਗ ਮਾਮਲੇ ‘ਚ 1,023 ਕਰੋੜ ਦੀ ਜਾਇਦਾਦ ਜ਼ਬਤ

ਨਵੀਂ ਦਿੱਲੀ, 22 ਜੂਨ 2026-

ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਐਤਵਾਰ ਨੂੰ ਦੱਸਿਆ ਕਿ ਉਸ ਨੇ ਗੋਆ ਵਿੱਚ ਲੋਹੇ ਦੇ ਗੈਰ-ਕਾਨੂੰਨੀ ਮਾਈਨਿੰਗ ਮਾਮਲੇ ਵਿੱਚ 1,023 ਕਰੋੜ ਰੁਪਏ ਤੋਂ ਵੱਧ ਦੀ ਸੰਪਤੀ ਜ਼ਬਤ ਕੀਤੀ ਹੈ, ਜਿਸ ਵਿੱਚ ਸਿੰਗਾਪੁਰ ਵਿੱਚ ਮੌਜੂਦ ਜਾਇਦਾਦਾਂ ਵੀ ਸ਼ਾਮਲ ਹਨ।

ED ਨੇ ਇੱਕ ਬਿਆਨ ਵਿੱਚ ਕਿਹਾ ਕਿ ‘ਸਾਲਗਾਓਕਰ ਗਰੁੱਪ ਐਂਡ ਐਸੋਸੀਏਟਸ’ (AVS Group) ਵੱਲੋਂ ਵੱਡੇ ਪੱਧਰ ‘ਤੇ ਕੀਤੀ ਗਈ ਨਾਜਾਇਜ਼ ਲੋਹੇ ਦੀ ਮਾਈਨਿੰਗ ਦੇ ਮਾਮਲੇ ਵਿੱਚ ਮਨੀ ਲਾਂਡਰਿੰਗ ਐਕਟ (PMLA) ਤਹਿਤ 19 ਜੂਨ ਨੂੰ ਇੱਕ ਅਸਥਾਈ ਕੁਰਕੀ ਦਾ ਹੁਕਮ ਜਾਰੀ ਕੀਤਾ ਗਿਆ ਸੀ।

ED ਦੇ ਅਨੁਸਾਰ, ਅਟੈਚ ਕੀਤੀਆਂ ਗਈਆਂ ਕੁੱਲ 1,023.85 ਕਰੋੜ ਰੁਪਏ ਦੀਆਂ ਸੰਪਤੀਆਂ ਵਿੱਚ ਸ਼ਾਮਲ ਹਨ। ਭਾਰਤ ਵਿੱਚ 459.10 ਕਰੋੜ ਰੁਪਏ ਦੀ ਕੀਮਤ ਦੀਆਂ 99 ਅਚੱਲ ਸੰਪਤੀਆਂ। ਜਦੋਂਕਿ ਸਿੰਗਾਪੁਰ ਵਿੱਚ 471.32 ਕਰੋੜ ਰੁਪਏ ਦੀ ਕੀਮਤ ਦੀਆਂ 31 ਅਚੱਲ ਸੰਪਤੀਆਂ ਹਨ। ਇਸ ਤੋਂ ਇਲਾਵਾ ਭਾਰਤੀ ਕੰਪਨੀਆਂ ਵਿੱਚ 93.42 ਕਰੋੜ ਰੁਪਏ ਦੇ ਇਕੁਇਟੀ ਸ਼ੇਅਰ ਵੀ ਹਨ।

ਇਹ ਸੰਪਤੀਆਂ ਮਰਹੂਮ ਅਨਿਲ ਸਾਲਗਾਓਕਰ ਦੀ ਜਾਇਦਾਦ ਦੇ ਨਾਂ ‘ਤੇ (ਉਨ੍ਹਾਂ ਦੇ ਪ੍ਰਸ਼ਾਸਕ ਲਕਸ਼ਮੀ ਅਨਿਲ ਸਾਲਗਾਓਕਰ ਰਾਹੀਂ), ਸਾਲਗਾਓਕਰ ਮਾਈਨਿੰਗ ਇੰਡਸਟਰੀਜ਼, ਸ਼ਾਂਤੀਲਾਲ ਖੁਸ਼ਾਲਦਾਸ ਐਂਡ ਬ੍ਰਦਰਜ਼, ਐੱਸ ਕਾਂਤੀਲਾਲ ਐਂਡ ਕੰਪਨੀ, ਸਲੀਥੋ ਓਰਸ, ਵਰਟੈਕਸ ਨਿਊਟਨ ਪ੍ਰੋਜੈਕਟਸ ਅਤੇ ਸੁਬਰਨਰੇਖਾ ਪੋਰਟ ਦੇ ਨਾਂ ‘ਤੇ ਦਰਜ ਹਨ।

ED ਦੀ ਇਹ ਮਨੀ ਲਾਂਡਰਿੰਗ ਜਾਂਚ ਗੋਆ ਪੁਲਿਸ ਦੀ CID ਵੱਲੋਂ ਦਰਜ ਕੀਤੀ ਗਈ ਇੱਕ FIR ਨਾਲ ਜੁੜੀ ਹੋਈ ਹੈ। ਏਜੰਸੀ ਨੇ ਦੱਸਿਆ ਕਿ ਸੁਪਰੀਮ ਕੋਰਟ ਨੇ ਆਪਣੇ 2014 ਅਤੇ 2018 ਦੇ ਫੈਸਲਿਆਂ ਵਿੱਚ ਇਹ ਮੰਨਿਆ ਸੀ ਕਿ 22 ਨਵੰਬਰ 2007 ਤੋਂ ਬਾਅਦ (ਨਵੇਂ ਮਾਈਨਿੰਗ ਪੱਟੇ ਜਾਰੀ ਹੋਣ ਤੱਕ) ਗੋਆ ਵਿੱਚ ਕੀਤੀ ਗਈ ਸਾਰੀ ਮਾਈਨਿੰਗ ਗੈਰ-ਕਾਨੂੰਨੀ ਸੀ।

ਜਾਂਚ ਏਜੰਸੀ ਨੇ ਦੋਸ਼ ਲਗਾਇਆ ਹੈ ਕਿ ਉਨ੍ਹਾਂ ਦੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ‘AVS Group’ ਨੇ ਸਾਲ 2007-12 ਦੌਰਾਨ ਦਸ ਮਾਈਨਿੰਗ ਪੱਟਿਆਂ (Mining Leases) ਦਾ ਸੰਚਾਲਨ ਕੀਤਾ ਅਤੇ ਲੋਹੇ ਦੀ ਗੈਰ-ਕਾਨੂੰਨੀ ਖੁਦਾਈ, ਵਿਕਰੀ ਅਤੇ ਬਰਾਮਦ (Export) ਰਾਹੀਂ 2,492.95 ਕਰੋੜ ਰੁਪਏ ਦੀ ਕਾਲੀ ਕਮਾਈ ਹਾਸਲ ਕੀਤੀ ਸੀ।

 

 

 

 

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।