ਅੰਮ੍ਰਿਤਸਰ: 13 ਸਾਲਾ ਅੰਮ੍ਰਿਤਧਾਰੀ ਬੱਚੇ ‘ਤੇ ਡਿੱਗਿਆ ਦਰੱਖਤ, ਮੌਤ

Top Trending News ਪੰਜਾਬ

 

ਅੰਮ੍ਰਿਤਸਰ: 13 ਸਾਲਾ ਅੰਮ੍ਰਿਤਧਾਰੀ ਬੱਚੇ ‘ਤੇ ਡਿੱਗਿਆ ਦਰੱਖਤ, ਮੌਤ

ਅੰਮ੍ਰਿਤਸਰ, 23 ਜੂਨ 2026- ਅੰਮ੍ਰਿਤਸਰ ਰੇਲਵੇ ਸਟੇਸ਼ਨ ਦੇ ਮੁੱਖ ਗੇਟ ਦੇ ਬਾਹਰ ਸੋਮਵਾਰ ਸਵੇਰੇ ਇੱਕ ਬੇਹੱਦ ਦੁਖਦਾਈ ਹਾਦਸਾ ਵਾਪਰਿਆ। ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨਾਂ ਲਈ ਹਰਿਆਣਾ ਦੇ ਸਿਰਸਾ ਤੋਂ ਆਏ ਸ਼ਰਧਾਲੂਆਂ ਦੇ ਇੱਕ ਸਮੂਹ ‘ਤੇ ਅਚਾਨਕ ਇੱਕ ਵੱਡਾ ਪੁਰਾਣਾ ਦਰੱਖਤ ਡਿੱਗ ਪਿਆ, ਜਿਸ ਦੇ ਹੇਠਾਂ ਆਉਣ ਕਾਰਨ ਇੱਕ 13 ਸਾਲਾ ਅੰਮ੍ਰਿਤਧਾਰੀ ਸਿੱਖ ਲੜਕੇ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਸਿਰਸਾ ਤੋਂ ਲਗਭਗ 15 ਸ਼ਰਧਾਲੂਆਂ ਦਾ ਇੱਕ ਸਮੂਹ ਸਵੇਰੇ 2 ਵਜੇ ਦੇ ਕਰੀਬ ਅੰਮ੍ਰਿਤਸਰ ਰੇਲਵੇ ਸਟੇਸ਼ਨ ‘ਤੇ ਪਹੁੰਚਿਆ ਸੀ। ਇਹ ਸ਼ਰਧਾਲੂ ਰੇਲਵੇ ਸਟੇਸ਼ਨ ਦੇ ਮੁੱਖ ਗੇਟ ਦੇ ਬਾਹਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਚਲਾਈ ਜਾਂਦੀ ਮੁਫ਼ਤ ਬੱਸ ਸੇਵਾ ਦੀ ਉਡੀਕ ਕਰ ਰਹੇ ਸਨ। ਇਸੇ ਦੌਰਾਨ ਉੱਥੇ ਮੌਜੂਦ ਇੱਕ ਦਹਾਕਿਆਂ ਪੁਰਾਣਾ ਦਰੱਖਤ ਅਚਾਨਕ ਉਨ੍ਹਾਂ ਉੱਤੇ ਆ ਡਿੱਗਿਆ। ਇਸ ਹਾਦਸੇ ਵਿੱਚ 13 ਸਾਲਾ ਰਾਜਪ੍ਰੀਤ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਅਤੇ ਉਸ ਨੇ ਮੌਕੇ ‘ਤੇ ਹੀ ਦਮ ਤੋੜ ਦਿੱਤਾ।

ਘਟਨਾ ਦੀ ਸੂਚਨਾ ਮਿਲਦਿਆਂ ਹੀ ਰੇਲਵੇ ਪੁਲਿਸ (GRP) ਅਤੇ ਪ੍ਰਸ਼ਾਸਨਿਕ ਅਧਿਕਾਰੀ ਮੌਕੇ ‘ਤੇ ਪਹੁੰਚੇ। ਜੀ.ਆਰ.ਪੀ. ਦੇ ਏ.ਐੱਸ.ਆਈ. ਬਗੀਚਾ ਸਿੰਘ ਨੇ ਦੱਸਿਆ ਕਿ ਬੱਚੇ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ।

ਹਾਦਸੇ ਦੀ ਖ਼ਬਰ ਮਿਲਦਿਆਂ ਹੀ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਬਿਕਰਮਜੀਤ ਸਿੰਘ ਸਣੇ ਕਈ ਸ਼੍ਰੋਮਣੀ ਕਮੇਟੀ ਅਧਿਕਾਰੀ ਤੁਰੰਤ ਮੌਕੇ ‘ਤੇ ਪਹੁੰਚੇ। ਉਨ੍ਹਾਂ ਨੇ ਪੀੜਤ ਪਰਿਵਾਰ ਨਾਲ ਮੁਲਾਕਾਤ ਕਰਕੇ ਗਹਿਰੀ ਹਮਦਰਦੀ ਦਾ ਪ੍ਰਗਟਾਵਾ ਕੀਤਾ। ਮ੍ਰਿਤਕ ਰਾਜਪ੍ਰੀਤ ਸਿੰਘ ਦੇ ਪਿਤਾ ਨੇ ਭਰੇ ਮਨ ਨਾਲ ਦੱਸਿਆ ਕਿ ਉਨ੍ਹਾਂ ਦਾ ਪਰਿਵਾਰ ਆਰਥਿਕ ਤੌਰ ‘ਤੇ ਕਾਫ਼ੀ ਕਮਜ਼ੋਰ ਹੈ।

ਉਨ੍ਹਾਂ ਦੱਸਿਆ ਕਿ ਰਾਜਪ੍ਰੀਤ ਛੋਟੀ ਉਮਰ ਤੋਂ ਹੀ ਸਿੱਖੀ ਨੂੰ ਸਮਰਪਿਤ ਸੀ ਅਤੇ ਉਸ ਨੇ ਬਚਪਨ ਵਿੱਚ ਹੀ ਅੰਮ੍ਰਿਤ ਛਕ ਲਿਆ ਸੀ। ਉਹ ਪੂਰੀ ਮਰਯਾਦਾ ਅਨੁਸਾਰ ਗੁਰਸਿੱਖ ਜੀਵਨ ਬਤੀਤ ਕਰ ਰਿਹਾ ਸੀ, ਨਿਤਨੇਮ ਕਰਦਾ ਸੀ ਅਤੇ ਨਿਯਮਿਤ ਤੌਰ ‘ਤੇ ਗੁਰਦੁਆਰਾ ਸਾਹਿਬ ਜਾਂਦਾ ਸੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।