CM Bhagwant Mann’s big blast in the video controversy- ਵੀਡੀਓ ਵਿਵਾਦ ‘ਚ CM ਭਗਵੰਤ ਮਾਨ ਦਾ ਵੱਡਾ ਧਮਾਕਾ: ਵਿਰੋਧੀਆਂ ਦੀ ਤਿੱਕੜੀ ‘ਤੇ ਸਾਧੇ ਨਿਸ਼ਾਨੇ; FIR ਅਤੇ ਲੈਬ ਟੋਰਚਰ ਦੇ ਲਾਏ ਗੰਭੀਰ ਦੋਸ਼
ਚੰਡੀਗੜ੍ਹ 24 ਜੂਨ, 2026- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਆਪਣੀ ਇੱਕ ਕਥਿਤ ਵੀਡੀਓ ਦੇ ਵਿਵਾਦ ‘ਤੇ ਖੁੱਲ੍ਹ ਕੇ ਬੋਲਦਿਆਂ ਵਿਰੋਧੀ ਪਾਰਟੀਆਂ (ਅਕਾਲੀ ਦਲ, ਭਾਜਪਾ ਅਤੇ ਕਾਂਗਰਸ) ਦੀ ਤਿੱਕੜੀ ਖ਼ਿਲਾਫ਼ ਤਿੱਖਾ ਹਮਲਾ ਬੋਲਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਨਾ ਤਾਂ ਰਾਜਨੀਤਿਕ ਤੌਰ ‘ਤੇ ਅਤੇ ਨਾ ਹੀ ਸਮਾਜਿਕ ਤੌਰ ‘ਤੇ ਪੰਜਾਬ ਵਿੱਚ ਮੂੰਹ ਦਿਖਾਉਣ ਜੋਗੀਆਂ ਰਹੀਆਂ ਹਨ, ਇਸੇ ਕਰਕੇ ਹੁਣ ਉਹ ਸੋਸ਼ਲ ਮੀਡੀਆ ‘ਤੇ ਨਕਲੀ ਅਤੇ ਫਰਜ਼ੀ ਵੀਡੀਓਜ਼ ਪਾ ਕੇ ਉਨ੍ਹਾਂ ਨੂੰ ਧਾਰਮਿਕ ਤੌਰ ‘ਤੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ। (CM Bhagwant Mann’s big blast in the video controversy)
ਵੀਡੀਓ ਦੀ ਸੱਚਾਈ ਬਾਰੇ ਗੱਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਮੇਰੇ ਤੁਰਨ ਜਾਂ ਖੜ੍ਹਨ ਦੇ ਅੰਦਾਜ਼ ਨੂੰ ਤੋੜ-ਮਰੋੜ ਕੇ ਪੇਸ਼ ਕਰਕੇ ਵੀਡੀਓ ਵਾਇਰਲ ਕੀਤੀ ਗਈ, ਪਰ ਸੰਗਤ ਸਭ ਜਾਣਦੀ ਹੈ। ਪੂਰੀ ਦੁਨੀਆ ਤੋਂ ਲੋਕਾਂ ਦੇ ਮੈਨੂੰ ਸੈਂਕੜੇ ਫ਼ੋਨ ਅਤੇ ਮੈਸੇਜ ਆਏ ਕਿ ਇਹ ਸ਼ਰੇਆਮ ਨਕਲੀ ਵੀਡੀਓ ਹੈ।” CM ਮਾਨ ਨੇ ਇੱਕ ਬਹੁਤ ਹੀ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਜਦੋਂ ਉਨ੍ਹਾਂ ਨੇ ਇਸ ਵੀਡੀਓ ਦੀ ਜਾਂਚ ਫਰੈਂਸਿਕ ਲੈਬ ਤੋਂ ਕਰਵਾਈ, ਤਾਂ ਹੁਣ ਭਾਜਪਾ ਵਾਲੇ ਉਸ ਲੈਬ ਦੇ ਮਾਲਕਾਂ ‘ਤੇ ਹਮਲੇ ਕਰ ਰਹੇ ਹਨ।
ਉਨ੍ਹਾਂ ਨੂੰ ਐੱਫ.ਆਈ.ਆਰ. (FIR) ਦਾ ਡਰ ਦਿਖਾ ਕੇ ਅਤੇ ਟੋਰਚਰ ਕਰਕੇ ਇਹ ਕਹਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੇ ਪੈਸੇ ਲੈ ਕੇ ਫਰਜ਼ੀ ਰਿਪੋਰਟ ਬਣਾਈ। ਉਨ੍ਹਾਂ ਸਵਾਲ ਕੀਤਾ ਕਿ ਜਿਸ ਲੈਬ ਤੋਂ ਅਸੀਂ ਜਾਂਚ ਕਰਾਈ ਉਹ ਫਰਜ਼ੀ ਕਿਵੇਂ ਹੋ ਗਈ?
ਜ਼ਿਕਰਯੋਗ ਹੈ ਕਿ ਇਸੇ ਮਾਮਲੇ ਨਾਲ ਸਬੰਧਿਤ ਇੱਕ ਮੁਕੱਦਮਾ ਹਰਿਆਣਾ ਦੇ ਗੁਰੂਗ੍ਰਾਮ ਵਿੱਚ ਪਹਿਲਾਂ ਹੀ ਦਰਜ ਕੀਤਾ ਜਾ ਚੁੱਕਾ ਹੈ, ਉਸ ਸ਼ਿਕਾਇਤ ਵਿੱਚ ਲੈਬ ਨਾਲ ਜੁੜੇ ਵਿਅਕਤੀ ਨੇ ਦੋਸ਼ ਲਾਇਆ ਸੀ ਕਿ ਉਸ ਉੱਤੇ ਵੀਡੀਓ ਨੂੰ AI (ਆਰਟੀਫੀਸ਼ੀਅਲ ਇੰਟੈਲੀਜੈਂਸ) ਰਾਹੀਂ ਬਦਲੀ ਹੋਈ ਸਾਬਤ ਕਰਨ ਲਈ ਅਨੁਕੂਲ ਰਿਪੋਰਟ ਤਿਆਰ ਕਰਨ ਦਾ ਭਾਰੀ ਦਬਾਅ ਪਾਇਆ ਗਿਆ ਸੀ ਅਤੇ ਗੱਡੀ ਵਿੱਚ 10 ਲੱਖ ਰੁਪਏ ਰੱਖ ਕੇ ਧਮਕੀਆਂ ਦਿੱਤੀਆਂ ਗਈਆਂ ਸਨ। ਹੁਣ ਮੁੱਖ ਮੰਤਰੀ ਮਾਨ ਨੇ ਇਸ ਸਾਰੀ ਪ੍ਰਕਿਰਿਆ ਨੂੰ ਵਿਰੋਧੀਆਂ ਦੀ ਸਾਜ਼ਿਸ਼ ਅਤੇ ਲੈਬ ਸੰਚਾਲਕਾਂ ‘ਤੇ ਭਾਜਪਾ ਵੱਲੋਂ ਪਾਇਆ ਜਾ ਰਿਹਾ ਟੋਰਚਰ ਕਰਾਰ ਦਿੱਤਾ ਹੈ।
ਵਿਰੋਧੀਆਂ ਵੱਲੋਂ ਗੁਰਦੁਆਰਾ ਸਾਹਿਬਾਨ ਦੇ ਬਾਹਰ ਬਾਈਕਾਟ ਦੇ ਪੋਸਟਰ ਲਾਉਣ ਦੀ ਦਿੱਤੀ ਧਮਕੀ ਦਾ ਜਵਾਬ ਦਿੰਦਿਆਂ CM ਮਾਨ ਨੇ ਅਕਾਲੀ ਦਲ ‘ਤੇ ਤਿੱਖੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ, “ਜਦੋਂ 2 ਦਸੰਬਰ ਨੂੰ ਅਕਾਲ ਤਖ਼ਤ ਸਾਹਿਬ ‘ਤੇ ਸੁਖਬੀਰ ਬਾਦਲ ਨੇ ਖੁਦ ਮੰਨਿਆ ਸੀ ਕਿ ਉਹ ਬੇਅਦਬੀਆਂ ਦੇ ਦੋਸ਼ੀ ਹਨ, ਉਨ੍ਹਾਂ ਨੇ ਗੋਲੀਆਂ ਚਲਾਉਣ ਦੇ ਆਰਡਰ ਦਿੱਤੇ, ਸੰਗਤ ‘ਤੇ ਪਾਣੀ ਦੀਆਂ ਬੁਛਾੜਾਂ ਛੱਡੀਆਂ, ਉਦੋਂ ਗੁਰਦੁਆਰਾ ਸਾਹਿਬ ਦੇ ਅੱਗੇ ਕਿਸੇ ਨੇ ਬੋਰਡ ਲਾਇਆ ਸੀ ਕਿ ਇਨ੍ਹਾਂ ਦਾ ਬਾਈਕਾਟ ਕਰੋ?”
ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ, ਭਾਜਪਾ ਅਤੇ ਕਾਂਗਰਸ ਨੇ ਹੁਣ ਮਿਲ ਕੇ ਇੱਕ ਸਾਂਝਾ ਮੋਰਚਾ ਬਣਾ ਲਿਆ ਹੈ ਕਿਉਂਕਿ ਪਿੰਡਾਂ, ਸੱਥਾਂ ਅਤੇ ਲੋਕ ਮਿਲਣੀ ਪ੍ਰੋਗਰਾਮਾਂ ਵਿੱਚ ਜੋ ਭਾਰੀ ਇਕੱਠ ਹੁੰਦਾ ਹੈ, ਉਹ ਇਨ੍ਹਾਂ ਤੋਂ ਜਰਿਆ ਨਹੀਂ ਜਾਂਦਾ।
ਮੁੱਖ ਮੰਤਰੀ ਨੇ ਵਿਰੋਧੀਆਂ ਨੂੰ ਵੰਗਾਰਦਿਆਂ ਕਿਹਾ, “ਮੈਂ ਲੋਕਾਂ ਦੇ ਕੋਟੇ ਦਾ ਬੰਦਾ ਹਾਂ ਅਤੇ ਜਿੰਨਾ ਚਿਰ ਜਨਤਾ ਮੇਰੇ ਨਾਲ ਹੈ, ਮੈਨੂੰ ਇਨ੍ਹਾਂ ਹੱਥਕੰਡਿਆਂ ਨਾਲ ਕੋਈ ਫ਼ਰਕ ਨਹੀਂ ਪੈਂਦਾ।” ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਸਕੂਲ, ਹਸਪਤਾਲ, ਆਮ ਆਦਮੀ ਕਲੀਨਿਕ ਬਣ ਰਹੇ ਹਨ, ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ, ਛੱਪੜ ਸਾਫ਼ ਹੋ ਰਹੇ ਹਨ ਅਤੇ ਖੇਤਾਂ ਤੱਕ ਨਹਿਰੀ ਪਾਣੀ ਪਹੁੰਚ ਰਿਹਾ ਹੈ ਅਤੇ ਉਹ ਪੰਜਾਬ ਦੇ ਭਲੇ ਲਈ ਆਪਣੀ ਇਹ ਸਪੀਡ ਇਵੇਂ ਹੀ ਬਰਕਰਾਰ ਰੱਖਣਗੇ।
ਅਖ਼ੀਰ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦਾ ਪਿਆਰ ਹੀ ਉਨ੍ਹਾਂ ਨੂੰ ਥੱਕਣ ਨਹੀਂ ਦਿੰਦਾ ਅਤੇ ਉਹ ਅੱਜ ਵੀ ਲੋਕਾਂ ਦੇ ਦਰਬਾਰ ਵਿੱਚ ਜਾ ਰਹੇ ਹਨ। ਵੀਡੀਓ ਦੇ ਇਸ ਸਾਰੇ ਵਿਵਾਦ ਦਾ ਫ਼ੈਸਲਾ ਉਹ ਪੰਜਾਬ ਦੀ ਸੂਝਵਾਨ ਸੰਗਤ ਦੀ ਕਚਹਿਰੀ ‘ਤੇ ਛੱਡਦੇ ਹਨ।



