ਵੱਡੀ ਖ਼ਬਰ: ਕੈਬਨਿਟ ਮੰਤਰੀ ਦਾ ਭਰਾ ਬਣਿਆ ਨਗਰ ਕੌਂਸਲ ਦਾ ਪ੍ਰਧਾਨ!

Top Trending News ਪੰਜਾਬ

 

ਵੱਡੀ ਖ਼ਬਰ: ਕੈਬਨਿਟ ਮੰਤਰੀ ਦਾ ਭਰਾ ਬਣਿਆ ਨਗਰ ਕੌਂਸਲ ਦਾ ਪ੍ਰਧਾਨ!

ਜੰਡਿਆਲਾ ਗੁਰੂ, 24 ਜੂਨ 2026

ਨਗਰ ਕੌਂਸਲ ਜੰਡਿਆਲਾ ਗੁਰੂ ਦੀ ਹੋਈ ਜਨਰਲ ਹਾਊਸ ਦੀ ਮੀਟਿੰਗ ਵਿੱਚ ਨਵੇਂ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਸਰਬਸੰਮਤੀ ਨਾਲ ਅਮਲ ਵਿੱਚ ਲਿਆਂਦੀ ਗਈ ਹੈ। ਵਾਰਡ ਨੰਬਰ 1 ਤੋਂ ਚੁਣੇ ਗਏ ਕੌਂਸਲਰ ਸਤਿੰਦਰ ਸਿੰਘ ਨੂੰ ਨਗਰ ਕੌਂਸਲ ਦਾ ਨਵਾਂ ਪ੍ਰਧਾਨ ਚੁਣਿਆ ਗਿਆ ਹੈ, ਜੋ ਕਿ ਹਲਕੇ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਦੇ ਛੋਟੇ ਭਰਾ ਹਨ। ਇਸੇ ਤਰ੍ਹਾਂ ਵਾਰਡ ਨੰਬਰ 15 ਦੇ ਕੌਂਸਲਰ ਅਮਨਦੀਪ ਸਿੰਘ ਵਿਰਕ ਨੂੰ ਸਰਬਸੰਮਤੀ ਨਾਲ ਮੀਤ ਪ੍ਰਧਾਨ ਚੁਣਿਆ ਗਿਆ ਹੈ।

ਚੋਣ ਪ੍ਰਕਿਰਿਆ ਦੇ ਵੇਰਵੇ ਸਾਂਝੇ ਕਰਦਿਆਂ ਸਾਬਕਾ ਨਗਰ ਕੌਂਸਲ ਪ੍ਰਧਾਨ ਤੇ ਕੌਂਸਲਰ ਐਡਵੋਕੇਟ ਰਾਜ ਮਲਕੋਤਰਾ ਨੇ ਦੱਸਿਆ ਕਿ 15 ਵਾਰਡਾਂ ਵਾਲੀ ਇਸ ਨਗਰ ਕੌਂਸਲ ਦੀ ਅਹਿਮ ਮੀਟਿੰਗ ਦੀ ਪ੍ਰਧਾਨਗੀ ਐੱਸ.ਡੀ.ਐੱਮ. ਅੰਮ੍ਰਿਤਸਰ-1 ਅਲਕਾ ਕਾਲੀਆ ਵੱਲੋਂ ਕੀਤੀ ਗਈ। ਮੀਟਿੰਗ ਦੀ ਸ਼ੁਰੂਆਤ ਵਿੱਚ ਸਭ ਤੋਂ ਪਹਿਲਾਂ ਸਮੂਹ ਨਵ-ਚੁਣੇ ਕੌਂਸਲਰਾਂ ਨੂੰ ਉਨ੍ਹਾਂ ਦੇ ਅਹੁਦੇ ਅਤੇ ਗੁਪਤਤਾ ਦੀ ਸਹੁੰ ਚੁਕਾਈ ਗਈ, ਜਿਸ ਤੋਂ ਬਾਅਦ ਪ੍ਰਧਾਨਗੀ ਦੇ ਅਹੁਦਿਆਂ ਲਈ ਚੋਣ ਦੀ ਕਾਰਵਾਈ ਸ਼ੁਰੂ ਹੋਈ।

ਇਸ ਮੌਕੇ ਹਲਕਾ ਜੰਡਿਆਲਾ ਗੁਰੂ ਦੇ ਵਿਧਾਇਕ ਅਤੇ ਕੈਬਨਿਟ ਮੰਤਰੀ ਹਰਭਜਨ ਸਿੰਘ ਵਿਸ਼ੇਸ਼ ਤੌਰ ’ਤੇ ਮੀਟਿੰਗ ਵਿੱਚ ਹਾਜ਼ਰ ਰਹੇ। ਸਰਬਸੰਮਤੀ ਨਾਲ ਹੋਈ ਇਸ ਚੋਣ ਤੋਂ ਬਾਅਦ ਨਵ-ਚੁਣੇ ਅਹੁਦੇਦਾਰਾਂ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ ਅਤੇ ਸ਼ਹਿਰ ਵਾਸੀਆਂ ਨੂੰ ਉਮੀਦ ਹੈ ਕਿ ਨਵੀਂ ਟੀਮ ਦੀ ਅਗਵਾਈ ਵਿੱਚ ਇਲਾਕੇ ਦੇ ਵਿਕਾਸ ਕਾਰਜਾਂ ਨੂੰ ਹੋਰ ਤੇਜ਼ੀ ਮਿਲੇਗੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।