ਵੱਡੀ ਖ਼ਬਰ: SC ਕਮਿਸ਼ਨ ਨੇ ਬਿੱਟੂ ਨੂੰ ਸੁਣਾਈ ਧਾਰਮਿਕ ਸਜ਼ਾ, ਰਵਨੀਤ ਨੇ ਮੰਗੀ ਮੁਆਫ਼ੀ
ਚੰਡੀਗੜ੍ਹ 24 ਜੂਨ, 2026- ਪਿਛਲੇ ਦਿਨੀਂ ਵਰਤੇ ਗਏ ਜਾਤੀ ਸੂਚਕ ਸ਼ਬਦਾਂ ਦੇ ਮਾਮਲੇ ਵਿੱਚ ਘਿਰੇ ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅੱਜ ਪੰਜਾਬ ਰਾਜ ਅਨੁਸੂਚਿਤ ਜਾਤੀਆਂ (SC) ਕਮਿਸ਼ਨ ਦੇ ਸਾਹਮਣੇ ਪੇਸ਼ ਹੋਏ।
ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਦੇ ਸਨਮੁਖ ਪੇਸ਼ੀ ਦੌਰਾਨ ਰਵਨੀਤ ਸਿੰਘ ਬਿੱਟੂ ਨੇ ਆਪਣੇ ਬੋਲਾਂ ‘ਤੇ ਗਹਿਰਾ ਪਛਤਾਵਾ ਪ੍ਰਗਟ ਕਰਦਿਆਂ ਸਮੂਹ ਐੱਸ.ਸੀ. (SC) ਸਮਾਜ ਤੋਂ ਹੱਥ ਜੋੜ ਕੇ ਮੁਆਫ਼ੀ ਮੰਗੀ।
ਮਾਮਲੇ ਦੀ ਗੰਭੀਰਤਾ ਨੂੰ ਮੁੱਖ ਰੱਖਦਿਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵੱਲੋਂ ਰਵਨੀਤ ਬਿੱਟੂ ਨੂੰ ਭੁੱਲ ਬਖ਼ਸ਼ਾਉਣ ਲਈ ਚਾਰ ਪ੍ਰਮੁੱਖ ਧਾਰਮਿਕ ਅਸਥਾਨਾਂ ‘ਤੇ ਨਤਮਸਤਕ ਹੋਣ ਦੀ ਧਾਰਮਿਕ ਸਜ਼ਾ ਸੁਣਾਈ ਗਈ ਹੈ।
ਚੇਅਰਮੈਨ ਗੜ੍ਹੀ ਨੇ ਕਿਹਾ ਕਿ ਜਿਨ੍ਹਾਂ ਦੋ ਜਾਤਾਂ ਬਾਰੇ ਟਿੱਪਣੀ ਕੀਤੀ ਗਈ ਸੀ, ਉਸ ਦੇ ਪਛਤਾਵੇ ਵਜੋਂ ਬਿੱਟੂ ਨੂੰ ਭਗਵਾਨ ਵਾਲਮੀਕਿ ਤੀਰਥ, ਸੱਚਖੰਡ ਬੱਲਾਂ, ਡੇਰਾ ਫਿਲੌਰ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ (ਅੰਮ੍ਰਿਤਸਰ) ਵਿਖੇ ਜਾਣਾ ਪਵੇਗਾ।
ਕਮਿਸ਼ਨ ਨੇ ਵਿਸ਼ੇਸ਼ ਤੌਰ ‘ਤੇ ਹਦਾਇਤ ਕੀਤੀ ਕਿ ਸ੍ਰੀ ਹਰਿਮੰਦਰ ਸਾਹਿਬ, ਜਿਸ ਦੇ ਚਾਰ ਦਰਵਾਜ਼ੇ ਸਭ ਵਰਨਾਂ (ਜਾਤਾਂ) ਲਈ ਸਾਂਝੇ ਹਨ, ਉੱਥੇ ਨਤਮਸਤਕ ਹੋ ਕੇ ਪ੍ਰਸ਼ਾਦ ਕਰਵਾਇਆ ਜਾਵੇ। ਇਸ ਦੇ ਨਾਲ ਹੀ, ਬਿਨਾਂ ਕਿਸੇ ਜਾਤ-ਪਾਤ ਦੇ ਚੱਲ ਰਹੇ ਬਾਬੇ ਨਾਨਕ ਦੇ ਲੰਗਰ ਵਿੱਚ ਆਮ ਲੋਕਾਂ ਨਾਲ ਪੰਗਤ ‘ਚ ਬੈਠ ਕੇ ਪ੍ਰਸ਼ਾਦ ਛਕਿਆ ਜਾਵੇ।
ਸੁਣਵਾਈ ਦੌਰਾਨ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਬਿੱਟੂ ਨੂੰ ਤਾੜਨਾ ਕਰਦਿਆਂ ਸੰਵਿਧਾਨ ਅਤੇ ਗੁਰਬਾਣੀ ਦਾ ਹਵਾਲਾ ਦਿੱਤਾ। ਉਨ੍ਹਾਂ ਕਿਹਾ, ਸਾਡਾ ਦੇਸ਼ ਸੰਵਿਧਾਨ ਅਤੇ ਕਾਨੂੰਨ ਮੁਤਾਬਕ ਚੱਲਦਾ ਹੈ, ਜੋ ਜਾਤ, ਧਰਮ, ਨਸਲ ਜਾਂ ਲਿੰਗ ਦੇ ਆਧਾਰ ‘ਤੇ ਕਿਸੇ ਵੀ ਤਰ੍ਹਾਂ ਦੇ ਵਿਤਕਰੇ ਅਤੇ ਛੂਆ-ਛੂਤ ਦੀ ਸਖ਼ਤ ਮਨਾਹੀ ਕਰਦਾ ਹੈ।
ਸ੍ਰੀ ਗੁਰੂ ਗੰਥ ਸਾਹਿਬ ਜੀ ਵਿੱਚ ਸਾਰੀਆਂ ਜਾਤਾਂ-ਧਰਮਾਂ ਦੇ ਮਹਾਂਪੁਰਖਾਂ (ਜਿਵੇਂ ਭਗਤ ਰਵਿਦਾਸ ਜੀ, ਧੰਨਾ ਭਗਤ, ਭਗਤ ਪਰਮਾਨੰਦ ਜੀ) ਦੀ ਬਾਣੀ ਨੂੰ ਬਰਾਬਰ ਸਤਿਕਾਰ ਦਿੱਤਾ ਗਿਆ ਹੈ ਅਤੇ ਜਗਤ ਨੂੰ “ਮਾਨਸ ਕੀ ਜਾਤ ਸਭੈ ਏਕੇ ਪਹਿਚਾਨਬੋ” ਦਾ ਮਹਾਨ ਸੰਦੇਸ਼ ਦਿੱਤਾ ਗਿਆ ਹੈ।
ਕਮਿਸ਼ਨ ਦੇ ਇਸ ਇਤਿਹਾਸਕ ਅਤੇ ਸਖ਼ਤ ਫੈਸਲੇ ਤੋਂ ਬਾਅਦ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਤੁਰੰਤ ਆਪਣੀ ਗਲਤੀ ਨੂੰ ਸਵੀਕਾਰ ਕੀਤਾ। ਉਨ੍ਹਾਂ ਨੇ ਕਮਿਸ਼ਨ ਵੱਲੋਂ ਲਗਾਈ ਗਈ ਇਸ ਧਾਰਮਿਕ ਸਜ਼ਾ ਦੇ ਹੁਕਮਾਂ ਨੂੰ ਖਿੜੇ ਮੱਥੇ ਪ੍ਰਵਾਨ ਕਰਦਿਆਂ ਇਸ ਨੂੰ ਪੂਰਾ ਕਰਨ ਦੀ ਹਾਮੀ ਭਰੀ ਹੈ।



