ਵੱਡੀ ਖ਼ਬਰ: ਹੇਮਕੁੰਟ ਸਾਹਿਬ ਮਾਰਗ ‘ਤੇ ਸ਼ਰਧਾਲੂ ਬਣ ਕੇ ਲੰਗਰ ਵੰਡ ਰਿਹਾ ‘ਮਨੀ ਬਾਬਾ’ ਗ੍ਰਿਫ਼ਤਾਰ

Top Trending News ਪੰਜਾਬ

 

ਵੱਡੀ ਖ਼ਬਰ: ਹੇਮਕੁੰਟ ਸਾਹਿਬ ਮਾਰਗ ‘ਤੇ ਸ਼ਰਧਾਲੂ ਬਣ ਕੇ ਲੰਗਰ ਵੰਡ ਰਿਹਾ ‘ਮਨੀ ਬਾਬਾ’ ਗ੍ਰਿਫ਼ਤਾਰ

24 ਅਪ੍ਰੈਲ ਨੂੰ ਕਪੂਰਥਲਾ ‘ਚ ਗੈਸ ਏਜੰਸੀ ਮੁਲਾਜ਼ਮ ਨੂੰ ਅਗਵਾ ਕਰਨ ਤੋਂ ਬਾਅਦ ਹੱਤਿਆ ਕਰਨ ਦਾ ਹੈ ਮੁੱਖ ਸਾਜ਼ਿਸ਼ਕਰਤਾ-

ਗੋਪੇਸ਼ਵਰ (ਚਮੋਲੀ)/ਕਪੂਰਥਲਾ, 25 ਜੂਨ 2026-

ਪੰਜਾਬ ਦੇ ਕਪੂਰਥਲਾ ਵਿੱਚ ਲੰਘੀ 24 ਅਪ੍ਰੈਲ ਨੂੰ ਗੈਸ ਏਜੰਸੀ ਦੇ ਇੱਕ ਮੁਲਾਜ਼ਮ ਨੂੰ ਅਗਵਾ ਕਰਨ ਤੋਂ ਬਾਅਦ ਬੇਰਹਿਮੀ ਨਾਲ ਕੀਤੇ ਗਏ ਕਤਲ ਦੇ ਮਾਮਲੇ ਵਿੱਚ ਪੁਲਿਸ ਨੂੰ ਇੱਕ ਵੱਡੀ ਸਫ਼ਲਤਾ ਹਾਸਲ ਹੋਈ ਹੈ। ਪੁਲਿਸ ਨੇ ਇਸ ਹੱਤਿਆਕਾਂਡ ਦੇ ਮੁੱਖ ਸਾਜ਼ਿਸ਼ਕਰਤਾ ਨਵਜੋਤ ਸਿੰਘ ਉਰਫ਼ ਮਨੀ ਬਾਬਾ ਨੂੰ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਮੁਲਜ਼ਮ ਪੁਲਿਸ ਤੋਂ ਬਚਣ ਲਈ ਹੇਮਕੁੰਟ ਸਾਹਿਬ ਯਾਤਰਾ ਮਾਰਗ ‘ਤੇ ਸਥਿਤ ਬੇਡਾਣੂ ਵਿਖੇ ਸ਼ਰਧਾਲੂ ਦਾ ਭੇਸ ਬਣਾ ਕੇ ਲੰਗਰ ਸੇਵਾ ਕਰ ਰਿਹਾ ਸੀ।

ਮੁਲਜ਼ਮ ਦੀ ਪੈੜ ਨੱਪਦਿਆਂ ਕਪੂਰਥਲਾ ਥਾਣਾ ਸਿਟੀ ਦੀ ਟੀਮ, ਐੱਸਐੱਚਓ ਇੰਸਪੈਕਟਰ ਅਮਨਦੀਪ ਨਾਹਰ ਦੀ ਅਗਵਾਈ ਹੇਠ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਵਿੱਚ ਪਹੁੰਚੀ। ਮੁਲਜ਼ਮ ਨੂੰ ਭਿਣਕ ਨਾ ਲੱਗੇ, ਇਸ ਲਈ ਪੰਜਾਬ ਪੁਲਿਸ ਅਤੇ ਸਥਾਨਕ ਚਮੋਲੀ ਪੁਲਿਸ ਦੀ ਸਾਂਝੀ ਟੀਮ ਆਮ ਸ਼ਰਧਾਲੂ ਬਣ ਕੇ ਉਸ ਲੰਗਰ ਵਿੱਚ ਪਹੁੰਚ ਗਈ ਜਿੱਥੇ ਮੁਲਜ਼ਮ ਲੁਕਿਆ ਹੋਇਆ ਸੀ।

ਇਸ ਪੂਰੇ ਘਟਨਾਕ੍ਰਮ ਦੌਰਾਨ ਇੱਕ ਦਿਲਚਸਪ ਮੋੜ ਉਦੋਂ ਆਇਆ ਜਦੋਂ ਅਣਜਾਣ ਬਣੇ ਮੁੱਖ ਮੁਲਜ਼ਮ ਨਵਜੋਤ ਸਿੰਘ ਉਰਫ਼ ਮਨੀ ਬਾਬਾ ਨੇ ਖੁਦ ਅੱਗੇ ਹੋ ਕੇ ਸ਼ਰਧਾਲੂਆਂ ਦੇ ਭੇਸ ਵਿੱਚ ਆਈ ਪੁਲਿਸ ਟੀਮ ਨੂੰ ਆਪਣੇ ਹੱਥਾਂ ਨਾਲ ਲੰਗਰ ਵਰਤਾਇਆ। ਪੁਲਿਸ ਟੀਮ ਨੇ ਬੜੀ ਹੁਸ਼ਿਆਰੀ ਨਾਲ ਲੰਗਰ ਛਕਦੇ ਹੋਏ ਮੁਲਜ਼ਮ ਦੀ ਪਛਾਣ ਨੂੰ ਪੂਰੀ ਤਰ੍ਹਾਂ ਪੱਕਾ ਕੀਤਾ।

ਜਿਉਂ ਹੀ ਪਛਾਣ ਦੀ ਪੁਸ਼ਟੀ ਹੋਈ, ਦੋਵਾਂ ਰਾਜਾਂ ਦੀ ਪੁਲਿਸ ਨੇ ਤੁਰੰਤ ਹਰਕਤ ਵਿੱਚ ਆਉਂਦਿਆਂ ਮੁਲਜ਼ਮ ਨੂੰ ਮੌਕੇ ‘ਤੇ ਹੀ ਘੇਰ ਕੇ ਕਾਬੂ ਕਰ ਲਿਆ। ਗ੍ਰਿਫ਼ਤਾਰੀ ਦੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਪੰਜਾਬ ਪੁਲਿਸ ਦੀ ਟੀਮ ਮੁਲਜ਼ਮ ਨਵਜੋਤ ਸਿੰਘ ਨੂੰ ਆਪਣੇ ਨਾਲ ਲੈ ਕੇ ਕਪੂਰਥਲਾ ਲਈ ਰਵਾਨਾ ਹੋ ਗਈ ਹੈ, ਜਿੱਥੇ ਉਸ ਕੋਲੋਂ ਇਸ ਅਗਵਾ ਅਤੇ ਕਤਲਕਾਂਡ ਦੇ ਮਾਮਲੇ ਵਿੱਚ ਅਗਲੇਰੀ ਪੁੱਛਗਿੱਛ ਕੀਤੀ ਜਾਵੇਗੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।