ਵੱਡੀ ਖ਼ਬਰ: ਇਟਲੀ ‘ਚ ਪੰਜਾਬੀ ਨੌਜਵਾਨ ਨੇ ਕੀਤੀ ਆਤਮਹੱਤਿਆ! ਜਾਣੋ ਕੀ ਲੱਗੇ ਸੀ ਦੋਸ਼?
ਹੁਸ਼ਿਆਰਪੁਰ/ਇਟਲੀ, 26 ਜੂਨ 2026
ਇਟਲੀ ਦੇ ਲੋਮਬਾਰਡੀਆ ਸੂਬੇ ਦੇ ਬ੍ਰੇਸੀਆ ਜ਼ਿਲ੍ਹੇ ਤੋਂ ਇੱਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਪਿੰਡ ਮਿਆਣੀ (ਜ਼ਿਲ੍ਹਾ ਹੁਸ਼ਿਆਰਪੁਰ) ਦੇ ਰਹਿਣ ਵਾਲੇ 23 ਸਾਲਾ ਪੰਜਾਬੀ ਨੌਜਵਾਨ ਸੁਖਵਿੰਦਰ ਸਿੰਘ ਸੋਨੂੰ ਨੇ ਇਟਲੀ ਦੀ ‘ਕੈਨਟੋਨ ਮੋਮਬੇਲੋ’ ਜੇਲ੍ਹ ਵਿੱਚ ਕਥਿਤ ਤੌਰ ‘ਤੇ ਖੁਦਕੁਸ਼ੀ ਕਰ ਲਈ ਹੈ।
ਸੁਖਵਿੰਦਰ ਸਿੰਘ ਨੂੰ ਬੀਤੇ ਐਤਵਾਰ ਇਟਲੀ ਦੇ ਇੱਕ ਵਾਟਰ ਪਾਰਕ ਵਿੱਚ ਚਾਰ ਨਾਬਾਲਗ ਲੜਕੀਆਂ ਨਾਲ ਜਿਣਸੀ ਛੇੜਛਾੜ ਕਰਨ ਦੇ ਦੋਸ਼ ਵਿੱਚ ਵਿਲਾ ਕਾਰਚੀਨਾ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ।
ਗ੍ਰਿਫ਼ਤਾਰੀ ਤੋਂ ਕੁਝ ਘੰਟਿਆਂ ਬਾਅਦ ਹੀ ਉਹ ਜੇਲ੍ਹ ਦੀ ਕੋਠੜੀ ਵਿੱਚ ਮ੍ਰਿਤਕ ਪਾਇਆ ਗਿਆ। ਬ੍ਰੇਸੀਆ ਦੇ ਜ਼ਿਲ੍ਹਾ ਮੈਜਿਸਟ੍ਰੇਟ ਨੇ ਇਸ ਘਟਨਾ ਦੀ ਉੱਚ ਪੱਧਰੀ ਜਾਂਚ ਅਤੇ ਪੋਸਟਮਾਰਟਮ ਦੇ ਆਦੇਸ਼ ਦਿੱਤੇ ਹਨ।
ਮ੍ਰਿਤਕ ਦੇ ਪਿਤਾ ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ 5 ਸਾਲ ਪਹਿਲਾਂ ਕਰਜ਼ਾ ਲੈ ਕੇ ਆਪਣੇ ਇਕਲੌਤੇ ਪੁੱਤਰ ਨੂੰ ਚੰਗੇ ਭਵਿੱਖ ਲਈ ਇਟਲੀ ਭੇਜਿਆ ਸੀ। ਸੁਖਵਿੰਦਰ ਸਿੰਘ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਕੁਝ ਸਮਾਂ ਪਹਿਲਾਂ ਹੀ ਉਸਦੀ ਮਾਂ ਦਾ ਵੀ ਦਿਹਾਂਤ ਹੋ ਚੁੱਕਾ ਸੀ।
ਪਰਿਵਾਰ ਨੇ ਆਪਣੇ ਪੁੱਤਰ ‘ਤੇ ਲੱਗੇ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰਦਿਆਂ ਕਿਹਾ ਕਿ ਸੁਖਵਿੰਦਰ ਦਾ ਸੁਭਾਅ ਬਹੁਤ ਵਧੀਆ ਸੀ। ਪਰਿਵਾਰ ਨੇ ਪੰਜਾਬ ਦੇ ਮੁੱਖ ਮੰਤਰੀ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਤੋਂ ਇਨਸਾਫ਼ ਦੀ ਮੰਗ ਕੀਤੀ ਹੈ ਅਤੇ ਅਪੀਲ ਕੀਤੀ ਹੈ ਕਿ ਸਰਕਾਰ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਉਣ ਵਿੱਚ ਮਦਦ ਕਰੇ।
ਇਟਲੀ ਵਿੱਚ ਸੁਖਵਿੰਦਰ ਰਾਜਨੀਤਿਕ ਸ਼ਰਨ (Political Asylum) ਲੈ ਕੇ ਰਹਿ ਰਿਹਾ ਸੀ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ।



