Sri Hazur Sahib Act postponed for now: ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਐਕਟ ਨੂੰ ਬਦਲਣ ਵਾਲਾ ਨਵਾਂ ਬਿੱਲ ਫਿਲਹਾਲ ਮੁਲਤਵੀ
ਨਵੀਂ ਦਿੱਲੀ/ਚੰਡੀਗੜ੍ਹ 27 ਜੂਨ, 2026- Sri Hazur Sahib Act postponed for now! ਤਖ਼ਤ ਸ੍ਰੀ ਹਜ਼ੂਰ ਸਾਹਿਬ ਐਕਟ ਵਿੱਚ ਬਦਲਾਅ ਕਰਨ ਦੇ ਮਾਮਲੇ ‘ਤੇ ਸਿੱਖ ਜਗਤ ਦੇ ਵਿਰੋਧ ਨੂੰ ਦੇਖਦਿਆਂ ਇੱਕ ਵੱਡੀ ਖ਼ਬਰ ਸਾਹਮਣੇ ਆਈ ਹੈ। ਮਹਾਰਾਸ਼ਟਰ ਸਰਕਾਰ ਵੱਲੋਂ 70 ਸਾਲ ਪੁਰਾਣੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਐਕਟ ਨੂੰ ਬਦਲਣ ਲਈ ਤਿਆਰ ਕੀਤੇ ਗਏ ਨਵੇਂ ਬਿੱਲ ਦੇ ਖਰੜੇ ਨੂੰ ਫਿਲਹਾਲ ਮੁਲਤਵੀ (Postpone) ਕਰ ਦਿੱਤਾ ਗਿਆ ਹੈ। ਇਹ ਫੈਸਲਾ ਮਹਾਰਾਸ਼ਟਰ ਦੇ ਮੰਤਰੀ ਚੰਦਰਸ਼ੇਖਰ ਬਾਵਨਕੁਲੇ ਅਤੇ ਦਿੱਲੀ ਵਿਖੇ ਸਿੱਖ ਭਾਜਪਾ ਆਗੂਆਂ ਵਿਚਕਾਰ ਹੋਈ ਇੱਕ ਅਹਿਮ ਮੁਲਾਕਾਤ ਤੋਂ ਬਾਅਦ ਲਿਆ ਗਿਆ ਹੈ।
ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਇਸ ਸੰਵੇਦਨਸ਼ੀਲ ਮੁੱਦੇ ਨੂੰ ਸੁਲਝਾਉਣ ਲਈ ਆਪਣੇ ਮੰਤਰੀ ਚੰਦਰਸ਼ੇਖਰ ਬਾਵਨਕੁਲੇ ਨੂੰ ਵਿਸ਼ੇਸ਼ ਤੌਰ ‘ਤੇ ਨਿਯੁਕਤ ਕੀਤਾ ਸੀ। ਬਾਵਨਕੁਲੇ ਨੇ ਦਿੱਲੀ ਵਿੱਚ ਭਾਜਪਾ ਦੇ ਸੀਨੀਅਰ ਨੇਤਾ ਆਰ.ਪੀ. ਸਿੰਘ ਨਾਲ ਮੁਲਾਕਾਤ ਕੀਤੀ। ਇਸ ਮਹੱਤਵਪੂਰਨ ਬੈਠਕ ਵਿੱਚ ਭਾਜਪਾ ਪੰਜਾਬ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਵੀ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।
ਮੀਟਿੰਗ ਦੌਰਾਨ ਸਿੱਖ ਆਗੂਆਂ ਵੱਲੋਂ ਮਹਾਰਾਸ਼ਟਰ ਸਰਕਾਰ ਨੂੰ ਸਖ਼ਤ ਸੁਝਾਅ ਦਿੱਤਾ ਗਿਆ ਕਿ, 70 ਸਾਲ ਪੁਰਾਣੇ ਇਤਿਹਾਸਕ ਐਕਟ ਵਿੱਚ ਬਦਲਾਅ ਕਰਨ ਵਰਗਾ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਸਮੁੱਚੇ ਸਿੱਖ ਭਾਈਚਾਰੇ ਦੀ ਰਾਏ ਅਤੇ ਸਲਾਹ ਲੈਣੀ ਬਹੁਤ ਜ਼ਰੂਰੀ ਹੈ। ਕਿਸੇ ਵੀ ਤਰ੍ਹਾਂ ਦੇ ਇੱਕਤਰਫ਼ਾ ਫੈਸਲੇ ਨਾਲ ਸੰਗਤ ਵਿੱਚ ਭਾਰੀ ਰੋਸ ਪੈਦਾ ਹੋ ਸਕਦਾ ਹੈ।
ਮੀਟਿੰਗ ਵਿੱਚ ਆਪਸੀ ਸਹਿਮਤੀ ਬਣੀ ਹੈ ਕਿ ਇਸ ਮੁੱਦੇ ‘ਤੇ ਦੇਸ਼-ਵਿਦੇਸ਼ ਦੀਆਂ ਸਿੱਖ ਸੰਸਥਾਵਾਂ ਅਤੇ ਭਾਈਚਾਰੇ ਨਾਲ ਵਿਆਪਕ ਸਲਾਹ-ਮਸ਼ਵਰਾ ਕਰਨ ਲਈ ਇੱਕ ਵਿਸ਼ੇਸ਼ ਕਮੇਟੀ ਦਾ ਗਠਨ ਕੀਤਾ ਜਾਵੇਗਾ। ਮਹਾਰਾਸ਼ਟਰ ਦੀ ਸੂਬਾ ਸਰਕਾਰ ਇਸ ਕਮੇਟੀ ਦੀ ਰਿਪੋਰਟ ਅਤੇ ਸਲਾਹ ਤੋਂ ਬਾਅਦ ਹੀ ਇਸ ਮਾਮਲੇ ਵਿੱਚ ਅੱਗੇ ਕੋਈ ਕਦਮ ਵਧਾਏਗੀ। ਸਰਕਾਰ ਦੇ ਇਸ ਫੈਸਲੇ ਨਾਲ ਫਿਲਹਾਲ ਇਸ ਮੁੱਦੇ ‘ਤੇ ਬਣਿਆ ਤਣਾਅ ਘਟਣ ਦੀ ਉਮੀਦ ਹੈ।



