ਪੰਜਾਬ ‘ਚ ਗਰਮੀ ਦਾ ਕਹਿਰ; ਹੁੰਮਸ ਨੇ ਲੋਕਾਂ ਦਾ ਜੀਣਾ ਕੀਤਾ ਮੁਹਾਲ; ਜਾਣੋ ਸਿਹਤ ਮਾਹਰਾਂ ਦੀ ਸਲਾਹ
ਚੰਡੀਗੜ੍ਹ, 28 ਜੂਨ 2026: ਭਿਆਨਕ ਗਰਮੀ ਅਤੇ ਹੁੰਮਸ ਨੇ ਲੋਕਾਂ ਦਾ ਜੀਣਾ ਮੁਸ਼ਕਲ ਕਰ ਦਿੱਤਾ ਹੈ। ਸਵੇਰ ਤੋਂ ਹੀ ਵਾਤਾਵਰਣ ਵਿੱਚ ਨਮੀ ਦੀ ਮਾਤਰਾ ਜ਼ਿਆਦਾ ਹੋਣ ਕਾਰਨ ਲੋਕ ਪਸੀਨੇ ਨਾਲ ਤਰ-ਬਤਰ ਹੁੰਦੇ ਨਜ਼ਰ ਆਏ। ਹੁੰਮਸ ਦੇ ਚਲਦਿਆਂ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਵੀ ਦੁਭਰ ਹੋ ਗਿਆ ਹੈ, ਜਿਸ ਕਾਰਨ ਬਾਜ਼ਾਰਾਂ, ਸੜਕਾਂ ਅਤੇ ਜਨਤਕ ਥਾਵਾਂ ‘ਤੇ ਆਮ ਦਿਨਾਂ ਦੇ ਮੁਕਾਬਲੇ ਲੋਕਾਂ ਦੀ ਆਵਾਜਾਈ ਕਾਫ਼ੀ ਘੱਟ ਦੇਖਣ ਨੂੰ ਮਿਲੀ।
ਦਿਨ ਭਰ ਚੱਲੀਆਂ ਗਰਮ ਹਵਾਵਾਂ ਅਤੇ ਹੁੰਮਸ ਨੇ ਲੋਕਾਂ ਨੂੰ ਬੇਹਾਲ ਕਰ ਕੇ ਰੱਖ ਦਿੱਤਾ। ਸਥਿਤੀ ਇਹ ਰਹੀ ਕਿ ਕੂਲਰ ਅਤੇ ਪੱਖੇ ਵੀ ਰਾਹਤ ਦੇਣ ਵਿੱਚ ਨਾਕਾਮ ਸਾਬਤ ਹੋਏ, ਜਦੋਂ ਕਿ ਏਅਰ ਕੰਡੀਸ਼ਨਰ (AC) ਦੀ ਵਰਤੋਂ ਵਧਣ ਕਾਰਨ ਬਿਜਲੀ ਦੀ ਮੰਗ ਵਿੱਚ ਵੀ ਭਾਰੀ ਉਛਾਲ ਆਇਆ ਹੈ।
ਇਸ ਮੌਸਮ ਵਿੱਚ ਬੱਚਿਆਂ, ਬਜ਼ੁਰਗਾਂ ਅਤੇ ਬਿਮਾਰ ਲੋਕਾਂ ਨੂੰ ਸਭ ਤੋਂ ਵੱਧ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਖ਼ਾਸ ਕਰਕੇ ਮਜ਼ਦੂਰ ਵਰਗ ਲਈ ਇਸ ਤਪਸ਼ ਵਿੱਚ ਕੰਮ ਕਰਨਾ ਇੱਕ ਵੱਡੀ ਚੁਣੌਤੀ ਬਣ ਗਿਆ ਹੈ। ਸਿਹਤ ਮਾਹਰਾਂ ਨੇ ਲੋਕਾਂ ਨੂੰ ਇਸ ਮੌਸਮ ਵਿੱਚ ਵਿਸ਼ੇਸ਼ ਸਾਵਧਾਨੀ ਵਰਤਣ ਦੀ ਹਦਾਇਤ ਦਿੱਤੀ ਹੈ।
ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਣ ਦਿਓ; ਲੋੜੀਂਦੀ ਮਾਤਰਾ ਵਿੱਚ ਪਾਣੀ, ਓ.ਆਰ.ਐੱਸ. (ORS) ਅਤੇ ਹੋਰ ਤਰਲ ਪਦਾਰਥ ਪੀਂਦੇ ਰਹੋ। ਹਲਕੇ ਰੰਗ ਦੇ ਸੂਤੀ (cotton) ਕੱਪੜੇ ਪਹਿਨੋ। ਸਿੱਧੀ ਧੁੱਪ ਅਤੇ ਹੁੰਮਸ ਭਰੇ ਮੌਸਮ ਤੋਂ ਬਚਣ ਦੀ ਕੋਸ਼ਿਸ਼ ਕਰੋ। ਡਾਕਟਰਾਂ ਅਨੁਸਾਰ ਬਹੁਤ ਜ਼ਿਆਦਾ ਹੁੰਮਸ ਕਾਰਨ ਸਰੀਰ ਵਿੱਚ ਪਾਣੀ ਦੀ ਕਮੀ (Dehydration), ਜਿਸਮਾਨੀ ਥਕਾਵਟ ਅਤੇ ‘ਹੀਟ ਸਟ੍ਰੈੱਸ’ ਵਰਗੀਆਂ ਗੰਭੀਰ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ।
ਮੌਸਮ ਵਿਭਾਗ ਅਨੁਸਾਰ ਖੇਤਰ ਵਿੱਚ ਵੱਧ ਤੋਂ ਵੱਧ ਤਾਪਮਾਨ 39°C ਦਰਜ ਕੀਤਾ ਗਿਆ ਹੈ। ਵਿਭਾਗ ਨੇ ਚੇਤਾਵਨੀ ਦਿੱਤੀ ਹੈ ਕਿ ਅਗਲੇ ਕੁਝ ਦਿਨਾਂ ਤੱਕ ਮੌਸਮ ਇਸੇ ਤਰ੍ਹਾਂ ਹੁੰਮਸ ਭਰਿਆ ਬਣਿਆ ਰਹਿਣ ਦੀ ਸੰਭਾਵਨਾ ਹੈ। ਅਜਿਹੀ ਸਥਿਤੀ ਵਿੱਚ ਲੋਕਾਂ ਨੂੰ ਸੁਚੇਤ ਰਹਿਣ ਅਤੇ ਬਹੁਤ ਜ਼ਰੂਰੀ ਕੰਮ ਹੋਣ ‘ਤੇ ਹੀ ਘਰੋਂ ਬਾਹਰ ਨਿਕਲਣ ਦੀ ਸਲਾਹ ਦਿੱਤੀ ਗਈ ਹੈ।



