ਪੰਜਾਬ ਭਰ ਦੇ ਹਜ਼ਾਰਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਮੁੱਖ ਮੰਤਰੀ ਦੀ ਕੋਠੀ ਤੱਕ ਵਿਸ਼ਾਲ ਰੋਸ ਮਾਰਚ!
ਚੰਡੀਗੜ੍ਹ, 29 ਜੂਨ 2026-
ਪੰਜਾਬ ਭਰ ਤੋਂ ਬਿਜਲੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਪ੍ਰਮੁੱਖ ਜਥੇਬੰਦੀਆਂ ਦੀ ਅਗਵਾਈ ਹੇਠ ਪੁੱਜੇ ਹਜ਼ਾਰਾਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਮੁੱਖ ਮੰਤਰੀ ਦੀ ਕੋਠੀ ਤੱਕ ਵਿਸ਼ਾਲ ਰੋਸ ਮਾਰਚ ਕਰਦਿਆਂ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ।
ਇਸ ਤੋਂ ਪਹਿਲਾਂ ਕੋਠੀ ਤੋਂ ਕੁੱਝ ਦੂਰੀ ’ਤੇ ਸੂਬਾ ਆਗੂ ਕੁਲਵਿੰਦਰ ਸਿੰਘ ਢਿੱਲੋਂ ਅਤੇ ਮਨਜੀਤ ਸਿੰਘ ਬਾਸਰਕੇ ਦੀ ਪ੍ਰਧਾਨਗੀ ਹੇਠ ਦਿੱਤੇ ਵਿਸ਼ਾਲ ਰੋਸ ਧਰਨੇ ਦੌਰਾਨ ਅਗਲੇ ਸੰਘਰਸ਼ ਦਾ ਐਲਾਨ ਕੀਤਾ ਗਿਆ।
ਇਸ ਮੌਕੇ ਫ਼ੈਸਲਾ ਕੀਤਾ ਗਿਆ ਕਿ ਬਿਜਲੀ ਕਾਮੇ ਪਹਿਲੀ ਜੁਲਾਈ ਤੋਂ ਵਰਕ-ਟੂ-ਰੂਲ ਅਨੁਸਾਰ ਸਿਰਫ਼ ਬਣਦੀਆਂ ਡਿਊਟੀਆਂ ਹੀ ਕਰਨਗੇ ਅਤੇ 21 ਅਤੇ 22 ਜੁਲਾਈ ਨੂੰ ਸਮੁੱਚੇ ਪੰਜਾਬ ਦੇ ਬਿਜਲੀ ਕਾਮੇ ਸਮੂਹਿਕ ਛੁੱਟੀ ਲੈ ਕੇ ਪੰਜਾਬ ਸਰਕਾਰ ਖਿਲਾਫ਼ ਰੋਸ ਪ੍ਰਦਰਸ਼ਨ ਕਰਨਗੇ।
ਸਮੂਹਿਕ ਛੁੱਟੀ ਸਮੇਂ ਪੈਨਸ਼ਨਰ ਜਥੇਬੰਦੀਆਂ ਦੇ ਵਰਕਰ ਪੰਜਾਬ ਭਰ ਵਿਚ ਡੀ ਸੀ ਦਫ਼ਤਰਾਂ ਅੱਗੇ ਗ੍ਰਿਫ਼ਤਾਰੀਆਂ ਦੇਣਗੇ। ਪ੍ਰਮੁੱਖ ਜਥੇਬੰਦੀਆਂ ’ਚ ਪੀ ਐੱਸ ਈ ਬੀ ਐਂਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਐਸੋਸੀਏਸ਼ਨ ਆਫ ਜੂਨੀਅਰ ਇੰਜਨੀਅਰਜ਼, ਗਰਿੱਡ ਸਬ ਸਟੇਸ਼ਨ ਐਂਪਲਾਈਜ਼ ਯੂਨੀਅਨ, ਪਾਵਰਕੌਮ ਐਂਡ ਟ੍ਰਾਂਸਕੋ ਪੈਨਸ਼ਨਰਜ਼ ਯੂਨੀਅਨ ਪੰਜਾਬ (ਏਟਕ ਨਾਲ ਸਬੰਧਤ), ਪੈਨਸ਼ਨਰਜ਼ ਵੈੱਲਫੇਅਰ ਫੈਡਰੇਸ਼ਨ ਸ਼ਾਮਲ ਸਨ।



