ਵੱਡੀ ਖ਼ਬਰ: ਸ੍ਰੀ ਹਜ਼ੂਰ ਸਾਹਿਬ ਬੋਰਡ ਬਿੱਲ ਮੁਲਤਵੀ; ਸਿੱਖਾਂ ਦੇ ਰੋਹ ਅੱਗੇ ਝੁਕੀ ਸਰਕਾਰ

Top Trending News ਰਾਸ਼ਟਰੀ

 

ਵੱਡੀ ਖ਼ਬਰ: ਸ੍ਰੀ ਹਜ਼ੂਰ ਸਾਹਿਬ ਬੋਰਡ ਬਿੱਲ ਮੁਲਤਵੀ; ਸਿੱਖਾਂ ਦੇ ਰੋਹ ਅੱਗੇ ਝੁਕੀ ਸਰਕਾਰ

 

ਚੰਡੀਗੜ੍ਹ/ਨਵੀਂ ਦਿੱਲੀ, 2 ਜੁਲਾਈ 2026

 

ਸਿੱਖਾਂ ਦੇ ਭਾਰੀ ਰੋਹ ਤੋਂ ਬਾਅਦ ਮਹਾਰਾਸ਼ਟਰ ਦੀ ਸਰਕਾਰ ਨੇ ਸ੍ਰੀ ਹਜੂਰ ਸਾਹਿਬ ਬੋਰਡ ਬਿੱਲ ਨੂੰ ਮੁਲਤਵੀ ਕਰ ਦਿੱਤਾ। ਬਿੱਲ ਦੇ ਮੁਲਤਵੀ ਹੋਣ ਉੱਤੇ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਰਾਸ਼ਟਰੀ ਜਨਰਲ ਸਕੱਤਰ ਅਤੇ ਰਾਜਸਭਾ ਮੈਂਬਰ ਤਰੁਣ ਚੁੱਘ ਨੇ ਆਪਣੀ ਪ੍ਰਤੀਕਿਰਿਆ ਦਿੰਦਿਆਂ ਤਖ਼ਤ ਸਚਖੰਡ ਸ੍ਰੀ ਹਜ਼ੂਰ ਸਾਹਿਬ, ਨਾਂਦੇੜ ਦੇ ਪ੍ਰਸ਼ਾਸਨਿਕ ਬੋਰਡ ਦੇ ਪੁਨਰਗਠਨ ਨਾਲ ਸਬੰਧਤ ਪ੍ਰਸਤਾਵਿਤ ਬਿੱਲ ਨੂੰ ਮੁਲਤਵੀ ਕੀਤੇ ਜਾਣ ਦੇ ਫੈਸਲੇ ਦਾ ਪੁਰਜ਼ੋਰ ਸਵਾਗਤ ਕੀਤਾ ਹੈ। ਉਨ੍ਹਾਂ ਨੇ ਇਸ ਸੰਵੇਦਨਸ਼ੀਲ ਮਾਮਲੇ ‘ਤੇ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਸਮਝਣ ਅਤੇ ਬਿੱਲ ਨੂੰ ਫਿਲਹਾਲ ਰੋਕਣ ਲਈ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਦਾ ਵਿਸ਼ੇਸ਼ ਤੌਰ ‘ਤੇ ਧੰਨਵਾਦ ਪ੍ਰਗਟਾਇਆ।

 

ਭਾਜਪਾ ਆਗੂ ਤਰੁਣ ਚੁੱਘ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ (ਪਹਿਲਾਂ ਟਵਿੱਟਰ) ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਕਿਹਾ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਵੱਲੋਂ ਸਿੱਖ ਜਗਤ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਇਸ ਅਹਿਮ ਵਿਸ਼ੇ ‘ਤੇ ਵਿਆਪਕ ਵਿਚਾਰ-ਵਟਾਂਦਰੇ ਦਾ ਰਸਤਾ ਖੋਲ੍ਹਣਾ ਇੱਕ ਬਹੁਤ ਹੀ ਸ਼ਲਾਘਾਯੋਗ ਅਤੇ ਦੂਰਅੰਦੇਸ਼ੀ ਕਦਮ ਹੈ।

 

ਆਪਣੇ ਸੰਦੇਸ਼ ਵਿੱਚ ਇਸ ਗੱਲ ‘ਤੇ ਜ਼ੋਰ ਦਿੰਦਿਆਂ ਚੁੱਘ ਨੇ ਕਿਹਾ ਕਿ ਤਖ਼ਤ ਸਚਖੰਡ ਸ੍ਰੀ ਹਜ਼ੂਰ ਸਾਹਿਬ ਦੁਨੀਆ ਭਰ ਵਿੱਚ ਵਸਦੇ ਕਰੋੜਾਂ ਸਿੱਖਾਂ ਦੀ ਅਥਾਹ ਆਸਥਾ, ਸ਼ਰਧਾ ਅਤੇ ਸਤਿਕਾਰ ਦਾ ਇੱਕ ਪਵਿੱਤਰ ਕੇਂਦਰ ਹੈ। ਉਨ੍ਹਾਂ ਸਪਸ਼ਟ ਕੀਤਾ ਕਿ ਇਸ ਮਹਾਨ ਸੰਸਥਾ ਨਾਲ ਜੁੜੇ ਕਿਸੇ ਵੀ ਪ੍ਰਸ਼ਾਸਨਿਕ ਜਾਂ ਕਾਨੂੰਨੀ ਫੈਸਲੇ ਨੂੰ ਲੈਂਦੇ ਸਮੇਂ ਸਿੱਖ ਸੰਗਤ ਦੀਆਂ ਭਾਵਨਾਵਾਂ, ਸਿੱਖ ਰੀਤੀ-ਰਿਵਾਜਾਂ, ਪਰੰਪਰਾਵਾਂ ਅਤੇ ਆਪਸੀ ਸਹਿਮਤੀ ਨੂੰ ਹਮੇਸ਼ਾ ਸਰਵਉੱਚ ਤਰਜੀਹ ਦਿੱਤੀ ਜਾਣੀ ਚਾਹੀਦੀ ਹੈ।

 

ਉਨ੍ਹਾਂ ਅੱਗੇ ਕਿਹਾ ਕਿ ਮਹਾਰਾਸ਼ਟਰ ਸਰਕਾਰ ਵੱਲੋਂ ਆਪਸੀ ਗੱਲਬਾਤ ਅਤੇ ਸਹਿਮਤੀ ਦੇ ਮਾਰਗ ਨੂੰ ਚੁਣਨਾ ਲੋਕਤੰਤਰਿਕ ਕਦਰਾਂ-ਕੀਮਤਾਂ ਅਤੇ ਸਿੱਖ ਭਾਈਚਾਰੇ ਪ੍ਰਤੀ ਉਨ੍ਹਾਂ ਦੀ ਸੰਵੇਦਨਸ਼ੀਲਤਾ ਨੂੰ ਸਾਫ਼ ਤੌਰ ‘ਤੇ ਦਰਸਾਉਂਦਾ ਹੈ।

 

ਤਰੁਣ ਚੁੱਘ ਨੇ ਪੂਰੀ ਉਮੀਦ ਅਤੇ ਭਰੋਸਾ ਪ੍ਰਗਟਾਇਆ ਕਿ ਹੁਣ ਸਾਰੇ ਸਬੰਧਤ ਪੱਖਾਂ, ਸਿੱਖ ਜਥੇਬੰਦੀਆਂ ਅਤੇ ਆਗੂਆਂ ਨਾਲ ਵਿਸਤ੍ਰਿਤ ਚਰਚਾ ਕਰਨ ਤੋਂ ਬਾਅਦ ਹੀ ਕੋਈ ਅਜਿਹਾ ਠੋਸ ਨਿਰਣਾ ਸਾਹਮਣੇ ਆਵੇਗਾ, ਜੋ ਸਮੁੱਚੀ ਸਿੱਖ ਸੰਗਤ ਅਤੇ ‘ਨਾਨਕ ਨਾਮ ਲੇਵਾ’ ਸ਼ਰਧਾਲੂਆਂ ਦੀਆਂ ਉਮੀਦਾਂ ਤੇ ਭਾਵਨਾਵਾਂ ਦੇ ਬਿਲਕੁਲ ਅਨੁਕੂਲ ਹੋਵੇਗਾ। ਉਨ੍ਹਾਂ ਕਿਹਾ ਕਿ ਇਸ ਕਦਮ ਨਾਲ ਤਖ਼ਤ ਸਾਹਿਬ ਦੀ ਗੌਰਵਮਈ ਗਰਿਮਾ ਅਤੇ ਸ਼ਾਨ ਨੂੰ ਹੋਰ ਜ਼ਿਆਦਾ ਮਜ਼ਬੂਤੀ ਮਿਲੇਗੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।