ਕੈਨੇਡਾ: ਪਤਨੀ ਦੇ ਕਤਲ ਮਾਮਲੇ ‘ਚ ਪੰਜਾਬੀ ਗੱਭਰੂ ਦੋਸ਼ੀ ਕਰਾਰ

Top Trending News ਕੌਮਾਂਤਰੀ

 

ਕੈਨੇਡਾ: ਪਤਨੀ ਦੇ ਕਤਲ ਮਾਮਲੇ ‘ਚ ਪੰਜਾਬੀ ਗੱਭਰੂ ਦੋਸ਼ੀ ਕਰਾਰ

ਐਬਸਫੋਰਡ (ਬ੍ਰਿਟਿਸ਼ ਕੋਲੰਬੀਆ), 2 ਜੁਲਾਈ 2026

ਬ੍ਰਿਟਿਸ਼ ਕੋਲੰਬੀਆ ਦੇ ਐਬਸਫੋਰਡ ਵਿੱਚ ਭਾਰਤੀ ਮੂਲ ਦੇ ਇੱਕ ਵਿਅਕਤੀ ਨੂੰ ਆਪਣੀ ਪਤਨੀ ਦੀ ਹੱਤਿਆ ਕਰਨ ਦੇ ਮਾਮਲੇ ਵਿੱਚ ਬੀ.ਸੀ. ਸੁਪਰੀਮ ਕੋਰਟ ਨੇ ਦੂਜੇ ਦਰਜੇ ਦੇ ਕਤਲ (Second-Degree Murder) ਦਾ ਦੋਸ਼ੀ ਕਰਾਰ ਦਿੱਤਾ ਹੈ। ਅਦਾਲਤ ਨੇ ਬਚਾਅ ਪੱਖ ਦੀ ਇਹ ਦਲੀਲ ਪੂਰੀ ਤਰ੍ਹਾਂ ਰੱਦ ਕਰ ਦਿੱਤੀ ਕਿ ਮੁਲਜ਼ਮ ਘਟਨਾ ਵੇਲੇ ਮਾਨਸਿਕ ਸੰਤੁਲਨ ਠੀਕ ਨਾ ਹੋਣ ਕਰਕੇ ਆਪਣੇ ਕਰਮਾਂ ਲਈ ਅਪਰਾਧਿਕ ਤੌਰ ‘ਤੇ ਜ਼ਿੰਮੇਵਾਰ ਨਹੀਂ ਸੀ।

ਅਦਾਲਤੀ ਰਿਕਾਰਡ ਅਨੁਸਾਰ ਮਨਦੀਪ ਕੌਰ ਅਤੇ ਜਗਪ੍ਰੀਤ ਸਿੰਘ ਦਾ ਵਿਆਹ ਭਾਰਤ ਵਿੱਚ ਹੋਇਆ ਸੀ, ਜਿਸ ਤੋਂ ਬਾਅਦ ਮਨਦੀਪ ਕੌਰ ਕੈਨੇਡਾ ਆ ਕੇ ਐਬਸਫੋਰਡ ਰਹਿਣ ਲੱਗ ਪਈ ਸੀ।

ਜਗਪ੍ਰੀਤ ਸਿੰਘ ਸਪਾਂਸਰਸ਼ਿਪ ਤਹਿਤ ਕੈਨੇਡਾ ਪਹੁੰਚਿਆ। ਮਨਦੀਪ ਨੇ ਆਪਣੇ ਨਜ਼ਦੀਕੀਆਂ ਨੂੰ ਦੱਸਿਆ ਸੀ ਕਿ ਉਹ ਆਪਣੇ ਪਤੀ ਦੇ ਕੈਨੇਡਾ ਆਉਣ ਨੂੰ ਲੈ ਕੇ ਡਰੀ ਹੋਈ ਸੀ। ਕੈਨੇਡਾ ਪਹੁੰਚਣ ਦੇ ਕੁਝ ਹੀ ਦਿਨਾਂ ਅੰਦਰ ਦੋਵਾਂ ਦੇ ਰਿਸ਼ਤੇ ਵਿੱਚ ਤਣਾਅ ਹੋਰ ਵਧ ਗਿਆ, ਜੋ ਘਟਨਾ ਵਾਲੇ ਦਿਨ ਹਿੰਸਕ ਰੂਪ ਧਾਰ ਗਿਆ।

ਘਰ ਵਿੱਚ ਹੋਈ ਤਕਰਾਰ ਦੌਰਾਨ ਜਗਪ੍ਰੀਤ ਸਿੰਘ ਨੇ ਚਾਕੂ ਨਾਲ ਆਪਣੀ ਪਤਨੀ ‘ਤੇ ਲਗਾਤਾਰ ਕਈ ਹਮਲੇ ਕੀਤੇ। ਪੋਸਟਮਾਰਟਮ ਰਿਪੋਰਟ ਮੁਤਾਬਕ ਗਰਦਨ ਅਤੇ ਛਾਤੀ ‘ਤੇ ਲੱਗੇ ਗੰਭੀਰ ਜ਼ਖ਼ਮਾਂ ਕਾਰਨ ਬਹੁਤ ਜ਼ਿਆਦਾ ਖ਼ੂਨ ਵਹਿਣ ਨਾਲ ਮਨਦੀਪ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲੀਸ ਦੇ ਪਹੁੰਚਣ ‘ਤੇ ਮੁਲਜ਼ਮ ਘਰ ਵਿੱਚ ਹੀ ਮੌਜੂਦ ਸੀ, ਜਿਸ ਨੂੰ ਤੁਰੰਤ ਹਿਰਾਸਤ ਵਿੱਚ ਲੈ ਲਿਆ! ਬਚਾਅ ਪੱਖ ਨੇ ਦਾਅਵਾ ਕੀਤਾ ਸੀ ਕਿ ਪਤਨੀ ਪਹਿਲਾਂ ਚਾਕੂ ਲੈ ਕੇ ਹਮਲਾ ਕਰਨ ਆਈ ਸੀ ਅਤੇ ਮੁਲਜ਼ਮ ਉਸ ਤੋਂ ਚਾਕੂ ਖੋਹ ਰਿਹਾ ਸੀ, ਪਰ ਅਦਾਲਤ ਨੇ ਸਬੂਤਾਂ ਦੇ ਆਧਾਰ ‘ਤੇ ਇਸ ਦਲੀਲ ਨੂੰ ਖਾਰਜ ਕਰ ਦਿੱਤਾ।

ਜਸਟਿਸ ਨੇ ਆਪਣੇ ਫ਼ੈਸਲੇ ਵਿੱਚ ਸਪੱਸ਼ਟ ਕੀਤਾ ਕਿ ਮੁਲਜ਼ਮ ਦੀਆਂ ਕਾਰਵਾਈਆਂ ਅਤੇ ਘਟਨਾ ਤੋਂ ਬਾਅਦ ਦਾ ਵਿਵਹਾਰ ਇਹ ਸਾਬਤ ਕਰਦਾ ਹੈ ਕਿ ਉਹ ਆਪਣੇ ਕੀਤੇ ਦੇ ਨਤੀਜਿਆਂ ਨੂੰ ਚੰਗੀ ਤਰ੍ਹਾਂ ਸਮਝਦਾ ਸੀ।

ਇਸ ਦਰਦਨਾਕ ਮਾਮਲੇ ਨੇ ਕੈਨੇਡਾ ਵਿੱਚ ਘਰੇਲੂ ਹਿੰਸਾ ਅਤੇ ਪਰਵਾਸੀ ਪਰਿਵਾਰਾਂ ਵਿੱਚ ਵਧ ਰਹੇ ਮਾਨਸਿਕ ਤਣਾਅ ਨੂੰ ਲੈ ਕੇ ਮੁੜ ਚਰਚਾ ਛੇੜ ਦਿੱਤੀ ਹੈ। ਮਹਿਲਾ ਸੁਰੱਖਿਆ ਨਾਲ ਜੁੜੀਆਂ ਸੰਸਥਾਵਾਂ ਨੇ ਇਸ ਫ਼ੈਸਲੇ ਨੂੰ ਇਨਸਾਫ਼ ਵੱਲ ਇੱਕ ਵੱਡਾ ਕਦਮ ਦੱਸਿਆ ਹੈ ਅਤੇ ਮੰਗ ਕੀਤੀ ਹੈ ਕਿ ਅਜਿਹੇ ਖ਼ਤਰੇ ਵਾਲੇ ਮਾਮਲਿਆਂ ਵਿੱਚ ਸਮੇਂ ਸਿਰ ਕਾਨੂੰਨੀ ਦਖ਼ਲ ਦਿੱਤਾ ਜਾਣਾ ਚਾਹੀਦਾ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।