Punjab Breaking: ਖਾਲੀ ਪਲਾਟ ‘ਚੋਂ ਮਿਲਿਆ ਮਨੁੱਖੀ ਕੰਕਾਲ; ਪੁਲਿਸ ਵੱਲੋਂ ਜਾਂਚ ਸ਼ੁਰੂ

Top Trending News ਪੰਜਾਬ

 

Punjab Breaking: ਖਾਲੀ ਪਲਾਟ ‘ਚੋਂ ਮਿਲਿਆ ਮਨੁੱਖੀ ਕੰਕਾਲ; ਪੁਲਿਸ ਵੱਲੋਂ ਜਾਂਚ ਸ਼ੁਰੂ

ਕੋਟਕਪੂਰਾ ਬਾਈਪਾਸ ਓਵਰਬ੍ਰਿਜ ਦੇ ਨਜ਼ਦੀਕ ਖਾਲੀ ਪਲਾਟ ਵਿੱਚੋਂ ਮਿਲਿਆ ਗਲਿਆ-ਸੜਿਆ ਕੰਕਾਲ- ਮ੍ਰਿਤਕ ਦੀ ਉਮਰ ਕਰੀਬ 24 ਤੋਂ 25 ਸਾਲ ਹੋਣ ਦਾ ਅੰਦਾਜ਼ਾ; ਪਛਾਣ ਲਈ ਸਿਵਲ ਹਸਪਤਾਲ ਦੀ ਮੋਰਚਰੀ ‘ਚ ਰਖਵਾਇਆ

ਮੋਗਾ, 2 ਜੁਲਾਈ 2026- ਮੋਗਾ ਦੇ ਕੋਟਕਪੂਰਾ ਬਾਈਪਾਸ ਸਥਿਤ ਓਵਰਬ੍ਰਿਜ ਦੇ ਨਜ਼ਦੀਕ ਇੱਕ ਖਾਲੀ ਪਲਾਟ ਵਿੱਚੋਂ ਮਨੁੱਖੀ ਕੰਕਾਲ ਮਿਲਣ ਕਾਰਨ ਪੂਰੇ ਇਲਾਕੇ ਵਿੱਚ ਸਨਸਨੀ ਫੈਲ ਗਈ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਥਾਨਕ ਪੁਲਿਸ ਤੁਰੰਤ ਮੌਕੇ ‘ਤੇ ਪਹੁੰਚੀ ਅਤੇ ਸਮਾਜ ਸੇਵੀ ਸੋਸਾਇਟੀ ਦੀ ਮਦਦ ਨਾਲ ਕੰਕਾਲ ਨੂੰ ਕਬਜ਼ੇ ਵਿੱਚ ਲੈ ਕੇ ਪਛਾਣ ਲਈ ਮੋਗਾ ਦੇ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾ ਦਿੱਤਾ।

ਜ਼ਿਕਰਯੋਗ ਹੈ ਕਿ ਇਸੇ ਜਗ੍ਹਾ ‘ਤੇ ਕਰੀਬ ਡੇਢ ਮਹੀਨਾ ਪਹਿਲਾਂ ਵੀ ਇੱਕ ਵਿਅਕਤੀ ਦੀ ਲਾਸ਼ ਸ਼ੱਕੀ ਹਾਲਾਤ ਵਿੱਚ ਮਿਲੀ ਸੀ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ। ਮਾਮਲੇ ਦੀ ਜਾਣਕਾਰੀ ਦਿੰਦਿਆਂ ਮੌਕੇ ‘ਤੇ ਮੌਜੂਦ ਪੁਲਿਸ ਅਧਿਕਾਰੀ ਏ.ਐੱਸ.ਆਈ. (ASI) ਅਜੀਤ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਸਥਾਨਕ ਲੋਕਾਂ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੀ ਗਈ ਸੀ ਕਿ ਕੋਟਕਪੂਰਾ ਬਾਈਪਾਸ ਓਵਰਬ੍ਰਿਜ ਦੇ ਕੋਲ ਇੱਕ ਖਾਲੀ ਪਲਾਟ ਵਿੱਚ ਮਨੁੱਖੀ ਕੰਕਾਲ ਪਿਆ ਹੋਇਆ ਹੈ।

ਸੂਚਨਾ ਦੇ ਆਧਾਰ ‘ਤੇ ਪੁਲਿਸ ਟੀਮ ਨੇ ਮੌਕੇ ‘ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕੀਤੀ। ਪੁਲਿਸ ਅਧਿਕਾਰੀਆਂ ਦੇ ਮੁੱਢਲੇ ਅੰਦਾਜ਼ੇ ਮੁਤਾਬਕ ਇਹ ਲਾਸ਼ ਕਰੀਬ 10 ਦਿਨ ਪੁਰਾਣੀ ਹੈ, ਜਿਸ ਕਾਰਨ ਮਾਸ ਪੂਰੀ ਤਰ੍ਹਾਂ ਗਲ-ਸੜ ਚੁੱਕਾ ਹੈ ਅਤੇ ਉਹ ਕੰਕਾਲ ਦਾ ਰੂਪ ਲੈ ਚੁੱਕੀ ਹੈ। ਮ੍ਰਿਤਕ ਦੀ ਉਮਰ ਲਗਭਗ 24 ਤੋਂ 25 ਸਾਲ ਦੇ ਦਰਮਿਆਨ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।

ਏਐੱਸਆਈ ਅਜੀਤ ਸਿੰਘ ਨੇ ਦੱਸਿਆ ਕਿ ਫਿਲਹਾਲ ਇਸ ਮਨੁੱਖੀ ਕੰਕਾਲ ਨੂੰ ਸ਼ਨਾਖ਼ਤ (ਪਛਾਣ) ਲਈ 72 ਘੰਟਿਆਂ ਤੱਕ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਸੁਰੱਖਿਅਤ ਰੱਖਿਆ ਗਿਆ ਹੈ। ਪੁਲਿਸ ਆਸ-ਪਾਸ ਦੇ ਇਲਾਕਿਆਂ ਵਿੱਚ ਗੁੰਮਸ਼ੁਦਾ ਨੌਜਵਾਨਾਂ ਦੇ ਰਿਕਾਰਡ ਨੂੰ ਵੀ ਖੰਗਾਲ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਇਹ ਕੰਕਾਲ ਕਿਸਦਾ ਹੈ। 72 ਘੰਟਿਆਂ ਦੇ ਸਮੇਂ ਤੋਂ ਬਾਅਦ ਨਿਯਮਾਂ ਅਨੁਸਾਰ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।