- ਸਾਬਕਾ CM ਚੰਨੀ ਦੀ ਰਿਹਾਇਸ਼ ‘ਤੇ ਨਾਰਾਜ਼ ਕਾਂਗਰਸੀ ਆਗੂਆਂ ਦੀ ਹੋਈ ਮੀਟਿੰਗ ! ਪੜ੍ਹੋ ਕੀ ਨਿੱਕਲਿਆ ਨਤੀਜਾ ?
ਚੰਡੀਗੜ੍ਹ, 3 ਜੁਲਾਈ (ਦੇਸ਼ ਕਲਿੱਕ ਬਿਊਰੋ): ਪੰਜਾਬ ਕਾਂਗਰਸ ‘ਚ ਨਵੀਆਂ ਸੰਗਠਨਾਤਮਕ ਨਿਯੁਕਤੀਆਂ ਤੋਂ ਬਾਅਦ ਸ਼ੁਰੂ ਹੋਈ ਅੰਦਰੂਨੀ ਨਾਰਾਜ਼ਗੀ ਹੁਣ ਖੁੱਲ੍ਹ ਕੇ ਸਾਹਮਣੇ ਆ ਰਹੀ ਹੈ। ਜਿਸ ਤੋਂ ਬਾਅਦ ਅੱਜ ਇਨ੍ਹਾਂ ਨਾਰਾਜ਼ ਕਾਂਗਰਸੀ ਆਗੂਆਂ ਦੀ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਰਿਹਾਇਸ਼ ‘ਤੇ ਸ਼ੁੱਕਰਵਾਰ ਨੂੰ ਕਈ ਘੰਟਿਆਂ ਤੱਕ ਮੀਟਿੰਗ ਹੋਈ। ਹਾਲਾਂਕਿ ਇਸ ਮੀਟਿੰਗ ਤੋਂ ਬਾਅਦ ਚੰਨੀ ਖੁਦ ਮੀਡੀਆ ਸਾਹਮਣੇ ਨਹੀਂ ਆਏ ਪਰ ਵਿਧਾਇਕ ਤ੍ਰਿਪਤ ਰਜਿੰਦਰ ਬਾਜਵਾ ਨੇ ਕਿਹਾ ਕਿ ਸਾਰੇ ਆਗੂਆਂ ਨੇ ਅੱਜ ਮੀਟਿੰਗ ‘ਚ ਕਿਹਾ ਕਿ ਕਾਂਗਰਸ ਹਾਈਮਕਮਾਨ ਅਮਰਿੰਦਰ ਰਾਜਾ ਵੜਿੰਗ ਨੂੰ ਪ੍ਰਧਾਨ ਨਿਯੁਕਤ ਕਰਨ ਅਤੇ ਹੋਰ ਸੰਗਠਨਾਤਮਕ ਨਿਯੁਕਤੀਆਂ ਸਬੰਧੀ ਲਏ ਗਏ ਫ਼ੈਸਲੇ ‘ਤੇ ਇਕ ਵਾਰ ਫਿਰ ਵਿਚਾਰ ਕਰੇ।
ਅੱਗੇ ਬਾਜਵਾ ਨੇ ਕਿਹਾ ਕਿ ਇਹ ਮੰਗ ਪਾਰਟੀ ਖ਼ਿਲਾਫ਼ ਨਹੀਂ, ਸਗੋਂ ਕਾਂਗਰਸ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਕੀਤੀ ਜਾ ਰਹੀ ਹੈ। ਚੰਨੀ ਹਾਈਕਮਾਨ ਨਾਲ ਗੱਲ ਕਰਨਗੇ ਅਤੇ ਅਸੀਂ ਵੀ ਸਾਰੇ ਆਗੂ ਵੱਖਰੇ ਤੌਰ ‘ਤੇ ਹਾਈਕਮਾਨ ਨੂੰ ਮਿਲ ਕੇ ਆਪਣਾ ਪੱਖ ਰੱਖਾਂਗੇ। ਸਾਡੀ ਬੇਨਤੀ ਹੋਵੇਗੀ ਕਿ ਲਏ ਗਏ ਫ਼ੈਸਲੇ ਨੂੰ ਇੱਕ ਵਾਰ ਮੁੜ ਵਿਚਾਰਿਆ ਜਾਵੇ। ਇਸ ਦੇ ਨਾਲ ਹੀ ਮੀਟਿੰਗ ਨੂੰ ਲੈ ਕੇ ਕੁਝ ਆਗੂਆਂ ਵੱਲੋਂ ‘ਬਗਾਵਤੀਆਂ ਦੀ ਮੀਟਿੰਗ’ ਕਹੇ ਜਾਣ ਸਬੰਧੀ ਪੁੱਛੇ ਸਵਾਲ ਦੇ ਜਵਾਬ ‘ਚ ਬਾਜਵਾ ਨੇ ਅਜਿਹੇ ਦੋਸ਼ਾਂ ਨੂੰ ਸਿੱਧੇ ਤੌਰ ‘ਤੇ ਨਕਾਰਿਆ। ਉਨ੍ਹਾਂ ਕਿਹਾ ਕਿ ਮੀਟਿੰਗ ਦਾ ਉਦੇਸ਼ ਕਿਸੇ ਤਰ੍ਹਾਂ ਦੀ ਬਗਾਵਤ ਕਰਨਾ ਨਹੀਂ ਸੀ, ਸਗੋਂ ਆਪਣੀਆਂ ਭਾਵਨਾਵਾਂ ਅਤੇ ਸੁਝਾਵ ਪਾਰਟੀ ਹਾਈਕਮਾਨ ਤੱਕ ਪਹੁੰਚਾਉਣਾ ਸੀ।
ਦੱਸ ਦਈਏ ਕਿ ਚੰਨੀ ਦੇ ਸੱਦੇ ‘ਤੇ ਵਿਧਾਇਕ ਤ੍ਰਿਪਤ ਰਜਿੰਦਰ ਬਾਜਵਾ, ਬਰਨਾਲਾ ਦੇ ਵਿਧਾਇਕ ਕਾਲਾ ਢਿੱਲੋਂ, ਕਪੂਰਥਲਾ ਦੇ ਵਿਧਾਇਕ ਰਾਣਾ ਗੁਰਜੀਤ, ਸਾਬਕਾ ਉੱਪ ਮੁੱਖ ਮੰਤਰੀ ਓ. ਪੀ. ਸੋਨੀ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ, ਗੁਰਕੀਰਤ ਕੋਟਲੀ, ਸਾਬਕਾ ਵਿਧਾਇਕ ਗੁਰਪ੍ਰੀਤ ਕਾਂਗੜ, ਨਾਜ਼ਰ ਸਿੰਘ ਮਾਨਸ਼ਾਹੀਆ, ਸਾਬਕਾ ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਦਵਿੰਦਰ ਸਿੰਘ ਘੁਬਾਇਆ, ਇੰਦਰਬੀਰ ਸਿੰਘ ਬੁਲਾਰੀਆ, ਤਰਸੇਮ ਡੀ. ਸੀ., ਦਰਸ਼ਨ ਬਰਾੜ, ਹਰਮਿੰਦਰ ਸਿੰਘ ਗਿੱਲ, ਮਦਨ ਲਾਲ ਜਲਾਲਪੁਰ, ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਬਰਿੰਦਰ ਢਿੱਲੋਂ, ਕਮਲਜੀਤ ਕੜਵਲ, ਸਾਬਕਾ ਸੰਸਦ ਮੈਂਬਰ ਮੁਹੰਮਦ ਸਦੀਕ ਸਮੇਤ ਸਾਬਕਾ ਵਿਧਾਇਕ ਜੋਗਿੰਦਰ ਪਾਲ, ਦਿਨੇਸ਼ ਬੱਸੀ, ਦਲਬੀਰ ਗੋਲਡੀ, ਸਾਬਕਾ ਵਿਧਾਇਕ ਪਿਰਮਲ ਸਿੰਘ, ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਚੰਨੀ ਦੇ ਗ੍ਰਹਿ ਵਿਖੇ ਪੁੱਜੇ।



